ਹਰਿਆਣਾ ’ਚ ਕੌਮਾਂਤਰੀ ਸਿਖਲਾਈ ਪ੍ਰੋਗਰਾਮ ਅੱਜ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਹਰਿਆਣਾ ਵਿਧਾਨ ਸਭਾ ਵਿੱਚ 36ਵਾਂ ਕੌਮਾਂਤਰੀ ਸਿਖਲਾਈ ਪ੍ਰੋਗਰਾਮ ਭਲਕੇ ਬੁੱਧਵਾਰ ਤੋਂ ਸ਼ੁਰੂ ਹੋਵੇਗਾ ਜੋ 21 ਅਪਰੈਲ ਤੱਕ ਚੱਲੇਗਾ। ਇਸ ਛੇ ਦਿਨਾਂ ਸਿਖਲਾਈ ਪ੍ਰੋਗਰਾਮ ਦੌਰਾਨ 13 ਦੇਸ਼ਾਂ ਦੇ 28 ਮੈਂਬਰ ਸ਼ਾਮਲ ਹੋਣਗੇ, ਜਿਨ੍ਹਾਂ ਦਾ ਸਵਾਗਤ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਸਿੰਘ ਕਲਿਆਣ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤਾ ਜਾਵੇਗਾ। ਇਸ 28 ਮੈਂਬਰੀ ਵਫ਼ਦ ਵਿੱਚ ਗੁਆਟੇਮਾਲਾ, ਮਾਲਦੀਵ, ਮੰਗੋਲੀਆ, ਮਿਆਂਮਾਰ, ਨਾਇਜ਼ੀਰੀਆ, ਸ੍ਰੀਲੰਕਾ, ਤਨਜਾਨੀਆ, ਜ਼ਿੰਬਾਬਵੇ ਸਮੇਤ 13 ਦੇਸ਼ਾਂ ਦੇ ਮੈਂਬਰ ਸ਼ਾਮਲ ਹੋਣਗੇ। ਜਾਣਕਾਰੀ ਅਨੁਸਾਰ 16 ਅਪਰੈਲ ਨੂੰ 28 ਮੈਂਬਰੀ ਵਫ਼ਦ ਨੂੰ ਦਿੱਲੀ ਲੋਕ ਸਭਾ ਸਦਨ ਤੋਂ ਸੜਕੀ ਰਸਤੇ ਰਾਹੀਂ ਚੰਡੀਗੜ੍ਹ ਲਿਆਂਦਾ ਜਾਵੇਗਾ। ਇਸ ਦੌਰਾਨ 28 ਮੈਂਬਰੀ ਵਫ਼ਦ ਵੱਲੋਂ ਹਰਿਆਣਾ ਵਿਧਾਨ ਸਭਾ ਦੇ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ 17, 18, 19 ਤੇ 20 ਅਪਰੈਲ ਨੂੰ ਚੰਡੀਗੜ੍ਹ ਤੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ। ਉਹ 21 ਅਪਰੈਲ ਨੂੰ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਣਗੇ।