ਚੰਡੀਗੜ੍ਹ ’ਚ ਸੋਲਰ ਰਾਹੀਂ 270.26 ਮਿਲੀਅਨ ਯੂਨਿਟ ਪੈਦਾਵਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਸਾਲ 2030 ਤੱਕ ਦੇਸ਼ ਦਾ ਪਹਿਲਾ ਸੋਲਰ ਪਲਾਂਟ ਵਾਲਾ ਅਤੇ ਕਾਰਬਨ ਮੁਕਤ ਸ਼ਹਿਰ ਬਨਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਸਦਕਾ ਯੂਟੀ ਪ੍ਰਸ਼ਾਸਨ ਨੇ 31 ਮਾਰਚ 2025 ਤੱਕ ਸ਼ਹਿਰ ਵਿੱਚ ਸੋਲਰ ਪਲਾਂਟ ਰਾਹੀਂ 270.26 ਮਿਲੀਅਨ ਯੂਨਿਟ ਦੀ ਪੈਦਾਵਾਰ ਕੀਤੀ ਹੈ। ਇਸ ਨਾਲ ਯੂਟੀ ਪ੍ਰਸ਼ਾਸਨ 1.86 ਲੱਖ ਐੱਮਟੀ ਕਾਰਬਨ ਡਾਈਅਕਸਾਈਡ ਘਟਾਉਣ ਵਿੱਚ ਕਾਮਯਾਬ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ 31 ਮਾਰਚ 2025 ਤੱਕ ਸ਼ਹਿਰ ਵਿੱਚ 89.68 ਮੈਗਾਵਾਟ ਦੇ 10988 ਸੋਲਰ ਪਲਾਂਟ ਲਗਾ ਦਿੱਤੇ ਹਨ।
ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਫਲੋਟਿੰਗ ਸੋਲਰ ਪਾਵਰ ਪਲਾਂਟ ਲਗਾਉਣ ਵਿੱਚ ਵੀ ਮੋਹਰੀ ਰਿਹਾ ਹੈ। 1 ਜੁਲਾਈ 2024 ਨੂੰ ਸ਼ਹਿਰ ਨੇ ਸੈਕਟਰ-39 ਵਾਟਰ ਵਰਕਸ ਵਿਖੇ 2,500 ਕਿਲੋਵਾਟ ਦੀ ਸਮਰੱਥਾ ਵਾਲਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਸੋਲਰ ਪਲਾਂਟ ਚਾਲੂ ਕੀਤਾ।
ਇਸ ਤੋਂ ਇਲਾਵਾ ਸ਼ਹਿਰ ਵਿੱਚ 3,000 ਕਿਲੋਵਾਟ ਦਾ ਇਕ ਹੋਰ ਫਲੋਟਿੰਗ ਸੋਲਰ ਪਲਾਂਟ ਦਾ ਕੰਮ ਜਲਦ ਹੀ ਪੂਰਾ ਹੋ ਜਾਵੇਗਾ। ਵਿੱਤ ਵਰ੍ਹੇ 2024-25 ਵਿੱਚ ਹੀ 28 ਮੈਗਾਵਾਟ ਸੋਲਰ ਪਲਾਂਟ ਰਾਹੀਂ 25 ਮਿਲੀਅਨ ਯੂਨਿਟ ਦੀ ਪੈਦਾਵਾਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲੇ ਪੜਾਅ ਵਿੱਚ 31 ਦਸੰਬਰ 2024 ਤੱਕ ਸ਼ਹਿਰ ਦੀ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਸੋਲਰ ਪਲਾਂਟ ਲਗਾ ਦਿੱਤੇ ਹਨ। ਇਸ ਦੌਰਾਨ 6,627 ਸਰਕਾਰੀ ਥਾਵਾਂ ’ਤੇ 18.1 ਮੈਗਾਵਾਟ ਦੇ ਸੋਲਰ ਪਲਾਂਟ ਲਗਾਏ ਗਏ ਹਨ, ਜਿਸ ਤੋਂ 23.5 ਮਿਲੀਅਨ ਯੂਨਿਟ ਦੀ ਪੈਦਾਵਾਰ ਹੋਣ ਦੀ ਉਮੀਦ ਹੈ। ਇਸ ਨਾਲ ਹਰ ਸਾਲ 12.69 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲਗਾ ਦਿੱਤੇ ਹਨ। ਇਸ ਤਰ੍ਹਾਂ ਸ਼ਹਿਰ ਦੇ ਕੁੱਲ 114 ਸਰਕਾਰੀ ਸਕੂਲਾਂ ਵਿੱਚੋਂ, 108 ਸਕੂਲਾਂ ਨੂੰ ਛੱਤਾਂ ’ਤੇ ਸੋਲਰ ਪਲਾਂਟ ਲਗਾਏ ਜਾ ਚੁੱਕੇ ਹਨ, ਜਦੋਂ ਕਿ ਬਾਕੀਆਂ ’ਤੇ ਜਲਦ ਕੰਮ ਪੂਰਾ ਜਾ ਜਾਵੇਗਾ। ਯੂਟੀ ਪ੍ਰਸ਼ਾਸਨ ਵੱਲੋਂ ਸਾਲ 2030 ਤੱਕ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਸੋਲਰ ਸਿਟੀ ਵਜੋਂ ਵਿਕਸਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਸੋਲਰ ਪਲਾਂਟ ਲਗਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।