ਹਰਜੋਤ ਬੈਂਸ ਵੱਲੋਂ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਬਲਵਿੰਦਰ ਰੈਤ
ਨੰਗਲ, 25 ਅਪਰੈਲ
ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਦੋਬੇਟਾ ਵਿਖੇ 40.4 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਪੱਟੀ, ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਮੇਘਪੁਰ, ਸਰਕਾਰੀ ਪ੍ਰਾਇਮਰੀ ਸਕੂਲ ਡੁਕਲੀ, ਸਰਕਾਰੀ ਪ੍ਰਾਇਮਰੀ ਸਕੂਲ ਐੱਫਐੱਫ ਬਲਾਕ ਨੰਗਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੋਬੇਟਾ, ਸਰਕਾਰੀ ਪ੍ਰਾਇਮਰੀ ਸਕੂਲ ਨੰਗਲ, ਸਰਕਾਰੀ ਹਾਈ ਸਕੂਲ ਨੰਗਲ ਸਪੈਸ਼ਲ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਪਿੰਡ ਰਾਏਪੁਰ ਦੀ ਸਰਪੰਚ ਬੀਬੀ ਗੁਰਵਿੰਦਰ ਕੌਰ ਸੇਖੋਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਖੇਡ ਮੈਦਾਨ ਦੀ ਉਸਾਰੀ ਲਈ ਡੇਢ ਕਨਾਲ ਜਮੀਨ ਦਾਨ ਕੀਤੀ। ਸਿੱਖਿਆ ਮੰਤਰੀ ਨੇ ਇਸ ਜਗ੍ਹਾ ਉਤੇ ਵਿਦਿਆਰਥੀਆਂ ਲਈ ਇੱਕ ਸਾਨਦਾਰ ਖੇਡ ਦੇ ਮੈਦਾਨ ਦੀ ਉਸਾਰੀ ਕਰਨ ਦਾ ਵਾਅਦਾ ਵੀ ਕੀਤਾ।
ਪੇਂਡੂ ਖੇਤਰ ਦੇ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਸਰਕਾਰ: ਨੀਨਾ ਮਿੱਤਲ
ਬਨੂੜ (ਕਰਮਜੀਤ ਚਿੱਲਾ): ਰਾਜਪੁਰ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਅੱਜ ਬੁੱਢਣਪੁਰ, ਝੱਜੋਂ ਅਤੇ ਧਰਮਗੜ੍ਹ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਸਮੇਤ ਚਾਰ ਸਕੂਲਾਂ ਵਿੱਚ 24 ਲੱਖ 98 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ ਲੋਕ ਅਰਪਣ ਕੀਤੇ। ਨੀਨਾ ਮਿੱਤਲ ਨੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਸਕੂਲਾਂ ’ਚ ਗੁਣਵੱਤਾਪੂਰਨ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਇਸ ਮੌਕੇ ਸਿੱਖਿਆ ਕੋਆਰਡੀਨੇਟਰ ਅਤੇ ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੇ ਮੈਨਰੋ, ਬਲਾਕ ਨੋਡਲ ਅਫ਼ਸਰ ਪ੍ਰੇਰਨਾ ਛਾਬੜਾ, ਸਚਿਨ ਮਿੱਤਲ, ਰਾਜਿੰਦਰ ਸਿੰਘ ਚਾਨੀ, ਸ਼ੀਨਮ ਮਿੱਤਲ ਹੈੱਡ ਮਾਸਟਰ, ਅਨੀਤਾ ਗਰਗ ਹੈਡ ਮਿਸਟਰੈਸ, ਕਮਲੇਸ਼ ਕੌਰ, ਰਤਨੇਸ਼ ਮਿੱਤਲ, ਟਿੰਕੂ ਬਾਂਸਲ, ਜਸਵਿੰਦਰ ਸਿੰਘ ਲਾਲਾ ਖਲੌਰ ਆਦਿ ਹਾਜ਼ਰ ਸਨ