ਹਨੀ ਸਿੰਘ ਦੇ ਸ਼ੋਅ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਚੰਡੀਗੜ੍ਹ, 22 ਮਾਰਚ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ 23 ਮਾਰਚ ਦਿਨ ਐਤਵਾਰ ਨੂੰ ਪ੍ਰਾਸਿੱਧ ਗਾਇਕ ਤੇ ਰੈਪਰ ਯੋ-ਯੋ ਹਨੀ ਸਿੰਘ ਦਾ ਲਾਈਵ ਕੰਸਰਟ ਹੋਣ ਜਾ ਰਿਹਾ ਹੈ, ਜਿਸ ਲਈ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਹਨੀ ਸਿੰਘ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲੀਸ ਨੇ ਵੀ ਤਿਆਰੀ ਖਿੱਚ ਲਈ ਹੈ। ਪੁਲੀਸ ਨੇ ਸੈਕਟਰ-25 ਰੈਲੀ ਗਰਾਊਂਡ ਵਿੱਚ ਨੌਜਵਾਨਾਂ ਦੇ ਵੱਡੇ ਇਕੱਠ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਰੱਖਣ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ।
ਟਰੈਫ਼ਿਕ ਪੁਲੀਸ ਨੇ ਕਿਹਾ ਕਿ ਪੁਲੀਸ ਵੱਲੋਂ ਸ਼ਾਮ ਨੂੰ ਚਾਰ ਵਜੇ ਦੇ ਕਰੀਬ ਸੈਕਟਰ-25 ਰੈਲੀ ਗਰਾਊਂਡ ਦੇ ਆਲੇ-ਦੁਆਲੇ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਪੁਲੀਸ ਨੇ ਸੈਕਟਰ-14/15/24/25 ਤੋਂ ਰਾਹ ਬਦਲ ਦਿੱਤਾ ਹੈ। ਇਸੇ ਤਰ੍ਹਾਂ ਸੈਕਟਰ-24/25/37/38 ਭਾਸਕਰ ਚੌਕ ਅਤੇ ਡੱਡੂਮਾਜਰਾ ਲਾਈਟ ਪੁਆਇੰਟ ਅਤੇ ਸੈਕਟਰ- 23/24/15 ਤੇ 16 ਵਾਲੀ ਸੜਕ ਤੋਂ ਸੈਕਟਰ-25 ਰੈਲੀ ਗਰਾਊਂਡ ਵੱਲ ਜਾਣ ਵਾਲੀਆਂ ਸੜਕਾਂ ਤੋਂ ਰਾਹ ਤਬਦੀਲ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪੁਲੀਸ ਵੱਲੋਂ ਲੋਕਾਂ ਨੂੰ ਵੀ ਸ਼ਾਮ ਸਮੇਂ ਕੰਮ ਲਈ ਸੈਕਟਰ-25 ਰੈਲੀ ਗਰਾਊਂਡ ਨੇੜਿਓਂ ਲੰਘਣ ਲਈ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੱਲੋਂ ਵੀ ਸੈਂਕੜੇ ਪੁਲੀਸ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਪੁਲੀਸ ਨੇ ਦੂਰ-ਦੂਰ ਬਣਾਈਆਂ ਪਾਰਕਿੰਗ
ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਸੈਕਟਰ-25 ਰੈਲੀ ਗਰਾਊਂਡ ਨੇੜੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਸੈਕਟਰ-25 ਗਰਾਊਂਡ ਵਿੱਚ ਪਾਰਕਿੰਗ ਨਹੀਂ ਬਣਾਈ ਗਈ ਹੈ, ਜਦੋਂ ਕਿ ਪਾਰਕਿੰਗਾਂ ਦੂਰ-ਦੂਰ ਬਣਾ ਦਿੱਤੀਆਂ ਹਨ, ਜਿੱਥੇ ਲੋਕਾਂ ਨੂੰ ਵਾਹਨ ਖੜਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਟਰੈਫ਼ਿਕ ਪੁਲੀਸ ਨੇ ਹਨੀ ਸਿੰਘ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸੈਕਟਰ-17 ਵਿਖੇ ਮਲਟੀਲੇਵਲ ਪਾਰਕਿੰਗ ਅਤੇ ਸੈਕਟਰ-43 ਦੁਸਹਿਰਾ ਗਰਾਊਂਡ ਵਿੱਚ ਵਾਹਨ ਖੜੇ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿੱਥੋਂ ਬੱਸ ਰਾਹੀਂ ਸੈਕਟਰ-25 ਰੈਲੀ ਗਰਾਊਂਡ ਵਿਖੇ ਹੋ ਰਹੇ ਸਮਾਗਮ ਵਿੱਚ ਪਹੁੰਚਿਆ ਜਾ ਸਕੇ।