ਰਣਜੀਤ ਸਿੰਘ ਬਾਜਵਾ ਦੀ ਪੁਸਤਕ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 24 ਮਾਰਚ
ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਸੈਕਟਰ 69 ਵਿਚਲੀ ਪਬਲਿਕ ਲਾਇਬ੍ਰੇਰੀ ਵਿਖੇ ਸਭਾ ਦੇ ਪ੍ਰਧਾਨ ਡਾ ਸ਼ਿੰਦਰਪਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਚਿੰਤਕ ਡਾ ਰਣਜੀਤ ਸਿੰਘ ਬਾਜਵਾ ਵੱਲੋਂ ਅੰਗਰੇਜ਼ੀ ਵਿਚ ਲਿਖੀ ਗਈ ਵਾਰਤਕ ਪੁਸਤਕ ‘ਕਮਿਊਨਿਟੀ ਐਂਡ ਵਾਇਲੈਂਸ ਇਨ ਕਨਟੈਂਪਰੇਰੀ ਪੰਜਾਬ’ ਲੇਖਕ ਦੀ ਗੈਰਮੌਜੂਦਗੀ ਵਿਚ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਡਾ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਵਿੱਚ ਭਾਸ਼ਾ ਵਿਗਿਆਨ ਉੱਤੇ ਲਿਖੀ ਇਹ ਲੇਖਕ ਦੀ ਦੂਜੀ ਪੁਸਤਕ ਹੈ।
ਇਸ ਮੌਕੇ ਮੁਹਾਲੀ ਦੇ ਵਾਸੀ ਰਹੇ ਅਤੇ ਅੱਜ-ਕੱਲ ਕੈਨੇਡਾ ਜਾ ਵਸੇ ਪੰਜਾਬੀ ਲੇਖਕ ਗੁਰਦੇਵ ਚੌਹਾਨ ਨਾਲ ਰੂ-ਬਰੂ ਵੀ ਕੀਤਾ ਗਿਆ। ਉਨ੍ਹਾਂ ਨੇ ਆਪਣੇ ਬਚਪਨ ਤੋਂ ਕਾਲਜਾਂ ਦਾ ਸਫ਼ਰ ਤੈਅ ਕਰਦਿਆਂ ਆਪਣੇ ਜੀਵਨ ਅਤੇ ਕਵਿਤਾ ਦੇ ਲੇਖਣ ਕਾਰਜ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਆਪਣੀ ਪ੍ਰਸਿੱਧ ਨਜ਼ਮ ਮਕਾਨ ਸਮੇਤ ਪੰਜ ਕਵਿਤਾਵਾਂ ਵੀ ਸੁਣਾਈਆਂ। ਤੀਜੇ ਦੌਰ ਵਿੱਚ ਕਵੀ ਦਰਬਾਰ ਹੋਇਆ, ਜਿਸ ਵਿਚ ਭੁਪਿੰਦਰ ਸਿੰਘ ਮਟੌਰਵਾਲਾ ਆਦਿ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।