ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ
ਬਠਿੰਡਾ, 23 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਮੋਰਚੇ ’ਚ ਸ਼ਾਮਲ ਬਠਿੰਡਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ ਇੱਥੇ ਟੀਚਰਜ਼ ਹੋਮ ’ਚ ਜਸਵੀਰ ਸਿੰਘ ਆਕਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਿਛਲੇ ਦਿਨੀਂ ਕਿਸਾਨ ਆਗੂਆਂ ਦੀ ਕਥਿਤ ਗ੍ਰਿਫਤਾਰੀ, ਸ਼ੰਭੂ-ਖਨੌਰੀ ਅੰਤਰਰਾਜੀ ਹੱਦਾਂ ’ਤੇ ਕਿਸਾਨਾਂ ਉੱਪਰ ਲਾਠੀਚਾਰਜ ਕਰਕੇ ਜੇਲ੍ਹਾਂ ’ਚ ਬੰਦ ਕਰਨ ਅਤੇ ਸਾਮਾਨ ਤੋੜਨ ਦੀ ਨਿੰਦਾ ਕਰਦਿਆਂ 28 ਮਾਰਚ ਨੂੰ ਜ਼ਿਲ੍ਹਾ ਮੁਕਾਮ ’ਤੇ ਹੋਣ ਵਾਲੇ ਪ੍ਰਦਰਸ਼ਨ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ 28 ਮਾਰਚ ਨੂੰ ਦੇਸ਼ ਭਰ ’ਚ ਜਬਰ ਵਿਰੋਧੀ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਜ਼ਿਲ੍ਹਾ ਮੁਕਾਮਾਂ ’ਤੇ ਰੋਸ ਵਿਖਾਵੇ ਕੀਤੇ ਜਾਣਗੇ। ਮੰਗ ਕੀਤੀ ਗਈ ਕਿ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੇ ਚੋਰੀ ਹੋਏ ਸਾਮਾਨ ਨੂੰ ਬਰਾਮਦ ਕਰਵਾ ਕੇ ਸਪੁਰਦਗੀ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 28 ਮਾਰਚ ਨੂੰ 11 ਵਜੇ ਡੀਸੀ ਦਫਤਰਾਂ ਅੱਗੇ ਪਹੁੰਚਣ। ਮੀਟਿੰਗ ’ਚ ਸ਼ਿੰਗਾਰਾ ਸਿੰਘ ਮਾਨ, ਬਲਕਰਨ ਸਿੰਘ ਬਰਾੜ, ਬਲਦੇਵ ਸਿੰਘ ਭਾਈਰੂਪਾ, ਬੇਅੰਤ ਸਿੰਘ ਮਹਿਮਾ, ਹਰਵਿੰਦਰ ਸਿੰਘ ਕੋਟਲੀ, ਸਵਰਨ ਸਿੰਘ ਪੂਹਲੀ, ਦਾਰਾ ਸਿੰਘ ਮਾਈਸਰਖਾਨਾ, ਜਸਵੰਤ ਸਿੰਘ, ਚੰਦ ਸਿੰਘ ਭੁੱਚੋ, ਗੋਬਿੰਦ ਸਿੰਘ ਤੇ ਹਰੀ ਸਿੰਘ ਆਦਿ ਨੇ ਸੰਬੋਧਨ ਕੀਤਾ।