Punjab News: ਇੰਸਟੀਚਿਊਸ਼ਨ ਆਫ ਇੰਜਨੀਅਰਜ਼, ਬਠਿੰਡਾ ਵੱਲੋਂ ਡਰੱਗ ਅਬਿਊਜ਼ ’ਤੇ ਜਾਗਰੂਕਤਾ ਸੈਮੀਨਾਰ
ਪੱਤਰ ਪ੍ਰੇਰਕ
ਬਠਿੰਡਾ, 27 ਮਾਰਚ
ਇੰਸਟੀਚਿਊਸ਼ਨ ਆਫ ਇੰਜਨੀਅਰਜ਼ (ਭਾਰਤ), ਬਠਿੰਡਾ ਲੋਕਲ ਸੈਂਟਰ ਵੱਲੋਂ ਯਾਦਵਿੰਦਰ ਇੰਜਨੀਅਰਿੰਗ ਵਿਭਾਗ, ਤਲਵੰਡੀ ਸਾਬੋ ਦੇ ਸਹਿਯੋਗ ਨਾਲ ਯਾਦਵਿੰਦਰ ਯੂਨੀਵਰਸਿਟੀ ਕੈਂਪਸ ਵਿੱਚ ਡਰੱਗ ਅਬਿਊਜ਼ ਵਿਸ਼ੇ ’ਤੇ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਇੰਜਨੀਅਰ ਕਰਤਾਰ ਸਿੰਘ ਬਰਾੜ (ਚੇਅਰਮੈਨ) ਵੱਲੋਂ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਗਰਮਜੋਸ਼ੀ ਭਰੇ ਸਵਾਗਤ ਨਾਲ ਹੋਈ।
ਮੁੱਖ ਮਹਿਮਾਨ ਏਆਈਜੀ ਜਤਿੰਦਰ ਸਿੰਘ ਨੇ ਨਸ਼ਿਆਂ ਦੇ ਮਾਨਸਿਕ, ਸਾਮਾਜਿਕ ਅਤੇ ਸਰੀਰਕ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਇਕੱਠੇ ਹੋਣ ਅਤੇ ਨਵੀਂ ਪੀੜ੍ਹੀ ਨੂੰ ਇਸਦੀ ਚਪੇਟ ਤੋਂ ਬਚਾਉਣ ਦੀ ਮਹੱਤਤਾ ਉਤੇ ਜ਼ੋਰ ਦਿੱਤਾ।
ਡੀਐੱਸਪੀ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਬਣਾਉਣ ਲਈ ਸਿਰਫ ਕਾਨੂੰਨੀ ਕਾਰਵਾਈ ਹੀ ਨਹੀਂ, ਸਗੋਂ ਸਮਾਜਿਕ ਸਹਿਯੋਗ ਵੀ ਉਂਨਾ ਹੀ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਤ ਕੀਤਾ।
ਡਾ. ਤਰਸੇਮ ਸਿੰਘ ਨਰੂਲਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ, "ਜੇ ਨਸ਼ਾ ਹੀ ਕਰਨਾ ਹੈ, ਤਾਂ ਪੜ੍ਹਾਈ ਦਾ ਕਰੋ, ਤਾਂ ਜੋ ਮਾਪਿਆਂ ਨੂੰ ਤੁਹਾਡੇ ’ਤੇ ਮਾਣ ਹੋਵੇ।" ਉਨ੍ਹਾਂ ਨੇ ਨੌਜਵਾਨ ਵਰਗ ਨੂੰ ਵਿਗਿਆਨਕ ਤੇ ਤਕਨੀਕੀ ਖੇਤਰਾਂ ਵਿੱਚ ਮਿਹਨਤ ਕਰਨ ਦੀ ਸਲਾਹ ਦਿੱਤੀ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤ ਅਤੇ ਆਪਣੇ ਵਿਚਾਰ ਪੇਸ਼ ਕਰਕੇ ਨਸ਼ਾ ਵਿਰੋਧੀ ਸੁਨੇਹਾ ਦਿੱਤਾ। ਸਮਾਰੋਹ ਵਿੱਚ ਡਾ. ਪ੍ਰਦੀਪ ਜਿੰਦਲ, ਗੁਰਪ੍ਰੀਤ ਭਾਰਤੀ, ਅਤੇ ਡਾ. ਅਮਨਦੀਪ ਕੌਰ ਸਰਾਓ ਨੇ ਵੀ ਆਪਣੇ ਵਿਚਾਰ ਰਾਖੇ।
ਇਹ ਪ੍ਰੋਗਰਾਮ 150 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਸੈਮੀਨਾਰ ਨੇ ਨੌਜਵਾਨਾਂਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਭਵਿੱਖ ਸੰਵਾਰਨ ਲਈ ਪ੍ਰੇਰਿਤ ਕੀਤਾ।