ਸੜਕ ਹਾਦਸੇ ਵਿੱਚ ਇੱਕ ਹਲਾਕ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਪਰੈਲ
ਥਾਣਾ ਦਰੇਸੀ ਦੇ ਇਲਾਕੇ ਮੇਨ ਜੀਟੀ ਰੋਡ, ਨੇੜੇ ਬਸਤੀ ਜੋਧੇਵਾਲ ਵਿੱਚ ਸੜਕ ਕਿਨਾਰੇ ਖੜ੍ਹੇ ਇੱਕ ਟਿੱਪਰ ਨਾਲ ਟੱਕਰ ਹੋਣ ਕਾਰਨ ਕਾਰ ਡਰਾਈਵਰ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਬੰਗਾਲੀਪੁਰ ਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਹਰਭਜਨ ਸਿੰਘ ਨੂੰ ਦਿੱਲੀ ਏਅਰਪੋਰਟ ਛੱਡ ਕੇ ਟੈਕਸੀ ਚਾਲਕ ਹਰਜੋਤ ਸਿੰਘ ਵਾਸੀ ਪਿੰਡ ਬੰਗਾਲੀਪੁਰ (ਹੁਸ਼ਿਆਰਪੁਰ) ਨਾਲ ਮੇਨ ਜੀਟੀ ਰੋਡ ਬਸਤੀ ਜੋਧੇਵਾਲ ਪੁੱਜਿਆ ਤਾਂ ਟੈਕਸੀ ਇੱਕ ਟਿੱਪਰ ਜੋ ਰਸਤੇ ਵਿੱਚ ਗਲਤ ਖੜ੍ਹਾ ਸੀ, ਦੇ ਪਿੱਛੇ ਵੱਜੀ। ਇਸ ਹਾਦਸੇ ਵਿੱਚ ਟੈਕਸੀ ਚਾਲਕ ਹਰਜੋਤ ਸਿੰਘ ਦੀ ਮੋਤ ਹੋ ਗਈ। ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲੀਸ ਨੂੰ ਮਾਡਲ ਟਾਊਨ ਐਕਸਟੈਨਸ਼ਨ-ਬੀ ਬਲਾਕ ਵਾਸੀ ਅਨਿਲ ਕੁਮਾਰ ਵਰਮਾ ਨੇ ਦੱਸਿਆ ਕਿ ਉਹ ਚੌਧਰੀ ਕਰੋਕਰੀ ਘੁਮਾਰ ਮੰਡੀ ਦੇ ਸਾਹਮਣੇ ਤੋਂ ਆਪਣੀ ਗੱਡੀ ਬੈਕ ਕਰਨ ਲੱਗਾ ਤਾਂ ਦਿਨੇਸ਼ ਸੂਦ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਨੇ ਆਪਣੀ ਟੋਏਟਾ ਗੱਡੀ ਅਣਗਿਹਲੀ ਨਾਲ ਚਲਾ ਕੇ ਉਸ ਦੀ ਗੱਡੀ ਵਿੱਚ ਟੱਕਰ ਮਾਰੀ ਜਿਸ ਨਾਲ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ। ਪੁਲੀਸ ਵੱਲੋਂ ਦਿਨੇਸ਼ ਸੂਦ ਨੂੰ ਗ੍ਰਿਫ਼ਤਾਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।