ਸੇਵੇਵਾਲਾ ਕਾਂਡ: ਲੋਕਾਂ ਵੱਲੋਂ ਜਮਾਤੀ ਸੰਘਰਸ਼ ਤੇਜ਼ ਕਰਨ ਦਾ ਅਹਿਦ
ਜੈਤੋ, 9 ਅਪਰੈਲ
ਸਾਢੇ ਤਿੰਨ ਦਹਾਕੇ ਪਹਿਲਾਂ ਸੇਵੇਵਾਲਾ ਕਾਂਡ ’ਚ ਆਪਣੀਆਂ ਜਾਨਾਂ ਦੀ ਆਹੂਤੀ ਪਾਉਣ ਵਾਲੇ 18 ਇਨਕਲਾਬੀਆਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਅੱਜ ਘਟਨਾ ਸਥਾਨ ’ਤੇ ਸਮਾਗਮ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਸਮਾਗਮ ’ਚ ਜੁੜੇ ਇਕੱਠ ਵੱਲੋਂ ਸਾਂਝੇ ਅਤੇ ਜਮਾਤੀ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਅਹਿਦ ਵੀ ਲਿਆ ਗਿਆ।
ਸਮਾਗਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ’ਚ ਸੂਹਾ ਝੰਡਾ ਲਹਿਰਾ ਕੇ ਕੀਤੀ ਗਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਗੁਰਪਾਲ ਸਿੰਘ ਨੰਗਲ, ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ, ਬੀਕੇਯੂ (ਉਗਰਾਹਾਂ) ਦੇ ਆਗੂ ਹਰਬੰਸ ਸਿੰਘ ਕੋਟਲੀ, ਸ਼ਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਦੱਸਿਆ ਕਿ 9 ਅਪਰੈਲ 1991 ਨੂੰ ਜਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਵੱਲੋਂ ਸੇਵੇਵਾਲਾ ਵਿੱਚ ਕਰਵਾਏ ਗਏ ਸੱਭਿਆਚਾਰਕ ਸਮਾਗਮ ਦੌਰਾਨ ਫ਼ਿਰਕੂ ਦਹਿਸ਼ਤਗਰਦਾਂ ਵੱਲੋਂ ਬੰਬਾਂ ਤੇ ਬੰਦੂਕਾਂ ਨਾਲ ਹਮਲਾ ਕਰ ਕੇ 18 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਨ੍ਹਾਂ ਸ਼ਹੀਦਾਂ ’ਚ ਮੇਘਰਾਜ ਭਗਤੂਆਣਾ, ਜਗਪਾਲ ਸਿੰਘ ਸੇਲਬਰਾਹ ਤੇ ਗੁਰਜੰਟ ਸਿੰਘ ਢਿੱਲਵਾਂ ਸਮੇਤ 18 ਸ਼ਹੀਦਾਂ ਦੀ ਅੱਜ 34ਵੀਂ ਬਰਸੀ ਹੈ।
ਇਸ ਮੌਕੇ ਜਗਸੀਰ ਜੀਦਾ, ਹਰਬੰਸ ਸਿੰਘ ਘਣੀਆਂ, ਬਲਤੇਜ ਸਿੰਘ ਸੇਵੇਵਾਲਾ ਅਤੇ ਮਾਸਟਰ ਭੁਪਿੰਦਰਪਾਲ ਸਿੰਘ ਜੈਤੋ ਵੱਲੋਂ ਇਨਕਲਾਬੀ ਗੀਤਾਂ ਰਾਹੀਂ ਸੇਵੇਵਾਲਾ ਦੇ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ’ਚ ਜੁੜੇ ਲੋਕਾਂ ਦੇ ਇਕੱਠ ਨੇ ਅਖੀਰ ਵਿੱਚ ਸੇਵੇਵਾਲਾ ਦੇ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਅਹਿਦ ਲਿਆ।