ਸਿੱਖ ਕਾਨਫਰੰਸ ’ਚ ਗੁਰਬਾਣੀ ਕਥਾ ਬਾਰੇ ਚਰਚਾ
ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ’ਚ ਸਥਾਪਤ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕਰਵਾਈ ਜਾ ਰਹੀ ‘ਵਿਸ਼ਵ ਸਿੱਖ ਕਾਨਫ਼ਰੰਸ’ ਦੇ ਦੂਜੇ ਦਿਨ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਵਿਚਾਰਾਂ ਦੀ ਸਾਂਝ ਪਾਈ। ਦੂਜੇ ਦਿਨ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ’ਚ ਚੇਅਰ ਦੇ ਪ੍ਰੋਫ਼ੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ ਅਧਿਐਨ ’ਚ ਗੁਰਬਾਣੀ ਕਥਾ ਤੇ ਵਿਆਖਿਆ ਇਕ ਵੱਡਾ ਅਤੇ ਪ੍ਰਮੁੱਖ ਪੱਖ ਹੈ ਜਿਸ ਨਾਲ ਸਬੰਧਤ ਪੈਦਾ ਹੋ ਰਹੇ ਮਸਲਿਆਂ ਬਾਰੇ ਸੰਗਤੀ ਵਿਚਾਰ ਸਮੇਂ ਦੀ ਲੋੜ ਹੈ। ਗੁਰਬਾਣੀ ਕਥਾ ਵਿਚਾਰ-ਚਰਚਾ ਦੇ ਪਹਿਲੇ ਬੁਲਾਰੇ ਗਿਆਨੀ ਸਾਹਿਬ ਸਿੰਘ ਮਾਰਕੰਡਾ ਸ਼ਾਹਬਾਦ ਨੇ ਕਿਹਾ ਕਿ ਗੁਰਬਾਣੀ ਦਾ ਗਿਆਨ ਅਜਿਹੀ ਪੂੰਜੀ ਹੈ ਜੋ ਵੱਧਦਾ ਹੀ ਹੈ ਪਰ ਇਸ ਕਾਰਜ ਦੀ ਮਹੱਤਤਾ ਸਿਰਫ ਉਹ ਹੀ ਸਮਝ ਸਕਦਾ ਹੈ ਜੋ ਗੁਰਬਾਣੀ ਦਾ ਅਦਬ-ਸਤਿਕਾਰ ਨਾਲ ਪਾਠ ਕਰਦਾ ਹੈ। ਗਿਆਨੀ ਸ਼ੇਰ ਸਿੰਘ ਅੰਬਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਵਿਆਖਿਆ ਸ਼ਰਧਾਵਾਨ ਦੁਆਰਾ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਗੁਰਬਾਣੀ ਵਿਆਖਿਆ ਲਈ ਅਨੁਭਵੀ ਹੋਣਾ ਜ਼ਰੂਰੀ ਹੈ। ਗਿਆਨੀ ਹਰਪਾਲ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਰੀਤੀ-ਰਿਵਾਜ਼ਾ ਤੋਂ ਮੁਕਤ ਗੁਰਬਾਣੀ ਵਿਆਖਿਆ ਦੀ ਗੱਲ ’ਤੇ ਜ਼ੋਰ ਦਿਤਾ। ਦੋ ਸੈਸ਼ਨਾਂ ਵਿਚ ਦੋ ਦਰਜਨ ਖੋਜ ਪਰਚੇ ਪੜ੍ਹੇ ਗਏ। ਸੈਸ਼ਨਾਂ ਵਿਚ ਪ੍ਰਧਾਨਗੀ ਭਾਸ਼ਣ ਡਾ. ਬਲਦੇਵ ਸਿੰਘ ਚੀਮਾ ਅਤੇ ਡਾ. ਜਸਪਾਲ ਕੌਰ ਧੰਜੂ ਵੱਲੋਂ ਦਿੱਤੇ ਗਏ। ਕਾਨਫਰੰਸ ਦੇ ਪੈਨਲ-ਸੈਸ਼ਨ ਵਿਚ ਧਰਮ ਅਧਿਐਨ ਅਤੇ ਸਿੱਖ ਅਧਿਐਨ ਦੇ ਅਧਿਆਪਨ ਦੀ ਸਥਿਤੀ ਬਾਰੇ ਵਿਚਾਰ ਚਰਚਾ ਹੋਈ। ਇਨ੍ਹਾਂ ਸੈਸ਼ਨਾਂ ਦੌਰਾਨ ਡਾ. ਪਰਮਵੀਰ ਸਿੰਘ, ਡਾ. ਜਸਪ੍ਰੀਤ ਕੌਰ ਸੰਧੂ, ਡਾ. ਪਰਦੀਪ ਕੌਰ, ਡਾ. ਰੁਪਿੰਦਰ ਕੌਰ ਅਤੇ ਖੋਜਾਰਥੀ ਤੇ ਵਿਦਿਆਰਥੀ ਮੌਜੂਦ ਸਨ।