ਵੀਸੀ ਦਫ਼ਤਰ ਅੱਗੇ ਸਹਾਇਕ ਪ੍ਰੋਫੈਸਰਾਂ ਦਾ ਧਰਨਾ ਜਾਰੀ
ਪਟਿਆਲਾ, 29 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਲਈ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦਾ ਧਰਨਾ ਅੱਜ 8ਵੇਂ ਦਿਨ ਵੀ ਜਾਰੀ ਰਿਹਾ। ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੀ ਪ੍ਰਧਾਨ ਡਾ. ਤਰਨਜੀਤ ਕੌਰ ਦੀ ਅਗਵਾਈ ਹੇਠ ਧਰਨਾ ਦੇ ਰਹੇ ਕੰਟਰੈਕਟ ਅਧਿਆਪਕ ਯੂਜੀਸੀ ਦੇ 2018 ਦੇ ਰੈਗੂਲੇਸ਼ਨਜ਼ ਅਨੁਸਾਰ ਪੇਅ ਕਮਿਸ਼ਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਤਰਕ ਹੈ ਕਿ ਯੂਨੀਵਰਸਿਟੀ ਵੱਲੋਂ ਬਾਕੀ ਸਾਰੇ ਅਧਿਆਪਕਾਂ ਅਤੇ ਮੁਲਜ਼ਮਾਂ ’ਤੇ ਤਾਂ 2022 ਵਿੱਚ ਸਬੰਧਤ ਰੈਗੂਲੇਸ਼ਨ ਨੂੰ ਲਾਗੂ ਕਰ ਦਿੱਤਾ ਗਿਆ ਸੀ। ਇਥੋਂ ਤੱਕ ਇਸ ਪੇਅ ਕਮਿਸ਼ਨ ਦਾ ਲਾਭ ਰੈਗੂਲਰ ਦੇ ਨਾਲ ਨਾਲ ਐਡਹਾਕ ਅਤੇ ਇਥੋਂ ਤੱਕ ਕਿ ਪੂਰਨ ਰੂਪ ਤੋਂ ਟੈਂਪਰੇਰੀ ਅਧਿਆਪਕਾਂ ਨੂੰ ਵੀ ਦੇ ਦਿੱਤਾ ਗਿਆ ਹੈ ਪਰ ਕੰਟਰੈਕਟ ਅਧਿਆਪਕਾਂ ’ਤੇ ਲਾਗੂ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਵਾਈਸ ਚਾਂਸਲਰ ਵੱਲੋਂ ਸ਼ੁੱਕਰਵਾਰ ਦੀ ਮੀਟਿੰਗ ਦੌਰਾਨ 10 ਦਿਨ ’ਚ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ ਪਰ ਯੂਨੀਅਨ ਆਗੂ ਉਦੋਂ ਤੱਕ ਧਰਨਾ ਜਾਰੀ ਰੱਖਣ ਲਈ ਬਜ਼ਿੱਦ ਹਨ, ਜਦੋਂ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋ ਜਾਂਦੀ। ਯੂਨੀਅਨ ਆਗੂ ਤੇਜਿੰਦਰਪਾਲ ਸਿੰਘ, ਲਵਦੀਪ ਸ਼ਰਮਾ ਚੀਮਾ ਮੰਡੀ, ਡਾ. ਮਨਮਿੰਦਰ ਕੌਰ, ਡਾ. ਜਗਪਾਲ ਮਾਨ, ਡਾ. ਰੁਪਿੰਦਰ ਰੂਬੀ, ਪ੍ਰੋ. ਸਤੀਸ਼ ਕੁਮਾਰ ਤੇ ਪ੍ਰੋ. ਹਰਜੀਤ ਮਾਨਸਾ ਸਮੇਤ ਕਈ ਹੋਰਾਂ ਨੇ ਵੀ ਇਹ ਮੰਗ ਮੰਨਣ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਕੱਚੇ ਅਧਿਆਪਕਾਂ ਦੀਆਂ ਮੰਗਾਂ ਛੇਤੀ ਮੰਨੀਆਂ ਜਾਣ।