Punjab News: ਪੁਲੀਸ ਦੀ ਗੋਲ਼ੀ ਲੱਗਣ ਕਾਰਨ ਗੈਂਗਸਟਰ ਜ਼ਖ਼ਮੀ; ਪੁਲੀਸ ’ਤੇ ਵੀ ਚਲਾਈ ਗੋਲ਼ੀ
ਗੋਲਡੀ ਢਿੱਲੋਂ ਗਰੋਹ ਦਾ ਮੈਂਬਰ ਹੈ ਪਿਸਤੌਲ ਸਮੇਤ ਕਾਬੂ ਆਇਆ 17 ਕੇਸਾਂ ਵਾਲ਼ਾ ਗੈਂਗਸਟਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜੂਨ
ਇਥੇ ਅਰਬਨ ਅਸਟੇਟ ਖੇਤਰ ’ਚ ਅੱਜ ਪੁਲੀਸ ਨਾਲ ਹੋਈ ਮੱਠਭੇੜ ’ਚ ਇੱਕ ਗੈਂਗਸਟਰ ਪੁਲੀਸ ਦੀ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਦੀ ਲੱਤ ’ਚ ਗੋਲ਼ੀ ਲੱਗੀ। ਉਸ ਦੀ ਪਛਾਣ ਸੰਨੀ ਕੁਮਾਰ ਉਰਫ਼ ਤਾਰੀ ਵਜੋਂ ਹੋਈ ਹੈ, ਜਿਸ ਦੇ ਕਬਜ਼ੇ ਵਿਚੋਂ 32 ਬੋਰ ਦਾ ਇੱਕ ਪਿਸਤੌਲ ਅਤੇ ਚੋਰੀਸ਼ੁਦਾ ਮੋਟਰ ਸਾਈਕਲ ਵੀ ਬਰਾਮਦ ਹੋਇਆ ਹੈ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਸਥਾਨ ’ਤੇ ਪੁੱਜੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਪਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਗ੍ਰਿਫਤਾਰੀ ਐਸਪੀ (ਡੀ) ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠਾਂ ਅਮਲ ’ਚ ਲਿਆਂਦੀ ਗਈ ਕਾਰਵਾਈ ਦੌਰਾਨ ਯਕੀਨੀ ਬਣਾਈ ਹੈ।

ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮਿਲੀ ਗੁਪਤ ਇਤਲਾਹ ’ਤੇ ਜਦੋਂ ਇੰਸਪੈਟਰ ਪਰਦੀਪ ਬਾਜਵਾ ਤੇ ਟੀਮ ਨੇ ਅਰਬਨ ਅਸਟੇਟ ਖੇਤਰ ’ਚ ਸਥਿਤ ਸਾਧੂ ਬੇਲਾ ਵਿਖੇ ਘੁੰਮ ਰਹੇ ਇਸ ਗੈਂਗਸਟਰ ਨੂੰ ਘੇਰਨ ਦੀ ਕੋਸਿਸ਼ ਕੀਤੀ, ਤਾਂ ਉਸ ਨੇ ਪੁਲੀਸ ’ਤੇ ਗੋਲ਼ੀਆਂ ਚਲਾ ਦਿਤੀਆਂ।
ਇਸ ਦੌਰਾਨ ਉਸ ਨੇ ਪੁਲੀਸ ਪਾਰਟੀ ’ਤੇ ਤਿੰਨ ਗੋਲ਼ੀਆਂ ਚਲਾਈਆਂ ਅਤੇ ਪੁਲੀਸ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਬਚਾਇਆ। ਪਰ ਇਸ ਦੌਰਾਨ ਹੀ ਜਦੋਂ ਪੁਲੀਸ ਨੇ ਆਪਣੇ ਬਚਾਓ ਲਈ ਜਵਾਬੀ ਫਾਇਰ ਕੀਤਾ ਤਾਂ ਮੁਲਜ਼ਮ ਦੀ ਲੱਤ ’ਚ ਗੋਲ਼ੀ ਲੱਗੀ। ਉਸ ਮਗਰੋਂ ਉਸ ਨੂੰ 32 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਸਐਸਪੀ ਨੇ ਹੋਰ ਦੱਸਿਆ ਕਿ ਪੁਲੀਸ ਦੇ ਹੱਥੇ ਚੜ੍ਹੇ ਇਸ ਗੈਂਗਸਟਰ ਦੇ ਖਿਲਾਫ਼ ਪਹਿਲਾਂ ਡਕੈਤੀ, ਲੁੱਟ ਖੋਹ ਸਮੇਤ ਹੋਰ ਵਾਰਦਾਤਾਂ ’ਤੇ ਆਧਾਰਿਤ ਵੱਖ ਵੱਖ ਥਾਣਿਆ ’ਚ 17 ਤੋਂ ਵੱਧ ਕੇਸ ਦਰਜ ਹਨ ਤੇ ਇੱਕ ਹੋਰ ਕੇਸ ਹੁਣ ਥਾਣਾ ਅਰਬਨ ਅਸਟੇਟ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਲਡੀ ਢਿੱਲੋਂ ਦੇ ਗੈਂਗ ਦਾ ਮੈਂਬਰ ਹੈ, ਇਹ ਗਰੋਹ ਵੱਲੋਂ ਫਿਰੌਤੀਆਂ ਮੰਗਣ ਸਮੇਤ ਹੋਰ ਵਾਰਦਾਤਾਂ ’ਚ ਵੀ ਸ਼ੁਮਾਰ ਹੈ।