ਦੂਧਨਸਾਧਾਂ ਦਾ ਕਮਿਊਨਿਟੀ ਹੈਲਥ ਸੈਂਟਰ ਗੰਦਗੀ ਨਾਲ ਘਿਰਿਆ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 29 ਅਪਰੈਲ
ਸਿਵਲ ਹਸਪਤਾਲ ਦਾ ਮੁਕਾਬਲਾ ਕਰਦੀ ਕਮਿਊਨਿਟੀ ਹੈਲਥ ਸੈਂਟਰ ਦੂਧਨਸਾਧਾਂ ਦੀ ਇਮਾਰਤ ਦੇ ਨੇੜੇ ਸਫ਼ਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਮਲੇਰੀਆ ਦਿਵਸ ਮੌਕੇ ਲੋਕਾਂ ਨੂੰ ਸਫਾਈ ਲਈ ਜਾਗਰੂਕ ਦਾ ਪਾਠ ਪੜ੍ਹਾਉਣ ਵਾਲਾ ਕਮਿਊਨਿਟੀ ਹੈਲਥ ਸੈਂਟਰ ਦੂਧਨਸਾਧਾਂ ਖੁਦ ਗੰਦਗੀ ਨਾਲ ਘਿਰਿਆ ਪਿਆ ਹੈ। ਇਸ ਸੈਂਟਰ ਵਿੱਚ ਅਜੇ ਕੁਝ ਕੁ ਦਿਨ ਪਹਿਲਾਂ ਵਿਸ਼ਵ ਮਲੇਰੀਆ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਡਾਕਟਰਾਂ ਨੇ ਲੋਕਾਂ ਨੂੰ ਮਲੇਰੀਆ ਜਿਹੀ ਭਿਆਨਕ ਬਿਮਾਰੀ ਬਾਰੇ ਜਾਗਰੂਕ ਕੀਤਾ ਸੀ। ਪਰ ਇਸ ਦੌਰਾਨ ਇਮਾਰਤ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਨਾਲ ਪਿੰਡ ਦੂਧਨਸਾਧਾਂ ਦੇ ਗੰਦੇ ਪਾਣੀ ਦੀ ਨਿਕਾਸੀ ਵਾਲਾ ਨਾਲਾ ਵਗਦਾ ਹੈ। ਹਸਪਤਾਲ ਦੀ ਚਾਰਦੀਵਾਰੀ ਨਾਲ ਖਹਿ ਕੇ ਚੱਲਦੇ ਨਾਲੇ ਵਿੱਚ ਮੱਛਰਾਂ ਦੀ ਭਰਮਾਰ ਹੈ। ਇੱਥੇ ਆਉਂਦੇ ਮਰੀਜ਼ਾਂ ਨੂੰ ਨਾਲੇ ’ਚੋਂ ਬਦਬੂ ਆਉਂਦੀ ਹੈ ਜਿਸ ਨਾਲ ਉਨ੍ਹਾਂ ਤੰਦਰੁਸਤ ਤਾਂ ਕੀ ਹੋਣਾ ਹੈ ਸਗੋਂ ਉਨ੍ਹਾਂ ਦੇ ਬਿਮਾਰ ਹੋਣ ਦਾ ਡਰ ਵੱਧ ਰਹਿੰਦਾ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਵੀ ਸਫਾਈ ਦਾ ਬਹੁਤ ਮਾੜਾ ਹਾਲ ਹੈ। ਹਸਪਤਾਲ ਦੇ ਵਿਹੜੇ ਵਿੱਚ ਕੂੜੇ ਢੇਰ, ਦਰੱਖਤਾਂ ਦੇ ਪੱਤੇ, ਬਿੱਠਾਂ, ਮਿੱਟੀ ਘੱਟਾ ਆਮ ਦਿਖਾਈ ਦਿੰਦਾ ਹੈ।
ਇਸ ਹਸਪਤਾਲ ਦੇ ਸਾਹਮਣੇ ਮੁੱਖ ਸੜਕ ਦੇ ਪੱਛਮ ਵਾਲੇ ਪਾਸੇ ਅੱਡਾ ਦੂਧਨਸਾਧਾਂ ਦੇ ਬਹੁਤ ਸਾਰੇ ਦੁਕਾਨਦਾਰ ਦੁਕਾਨਾਂ ਦਾ ਕੂੜਾ, ਪਲਾਸਟਿਕ ਦੇ ਲਿਫਾਫੇ, ਖਾਲੀ ਬੋਤਲਾਂ ਅਤੇ ਹੋਰ ਰਹਿੰਦ ਖੂੰਹਦ ਸੁੱਟਦੇ ਹਨ ਜਿਸ ਦੇ ਕੋਲੋਂ ਦੀ ਮਰੀਜ਼ ਲੰਘ ਕੇ ਹਸਪਤਾਲ ਜਾਂਦੇ ਹਨ ਪਰ ਹਸਪਤਾਲ ਦੇ ਪ੍ਰਬੰਧਕ ਇਨ੍ਹਾਂ ਕਮੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮਰੀਜ਼ ਹੋਰ ਬਿਮਾਰ ਨਾ ਹੋ ਸਕਣ।
ਸਿਵਲ ਸਰਜਨ ਦੇ ਧਿਆਨ ’ਚ ਲਿਆਂਦੀ ਸਮੱਸਿਆ: ਐੱਸਐੱਮਓ
ਐੱਸਐੱਮਓ ਜੈ ਦੀਪ ਭਾਟੀਆ ਨੇ ਦੱਸਿਆ ਕਿ ਇਹ ਸਮੱਸਿਆ ਸਿਵਲ ਸਰਜਨ ਪਟਿਆਲਾ ਦੇ ਧਿਆਨ ਵਿੱਚ ਲਿਆਂਦੀ ਹੈ ਅਤੇ ਉਹ ਵੀ ਇੱਥੇ ਮੌਕਾ ਦੇਖ ਕੇ ਗਏ ਹਨ। ਸਮੱਸਿਆ ਹੱਲ ਕਰਵਾਉਣ ਲਈ ਹਸਪਤਾਲ ਦੀ ਹੋਈ ਮੀਟਿੰਗ ਵਿੱਚ ਵੀ ਵਿਚਾਰ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਚਾਇਤ ਨੂੰ ਕਿਹਾ ਗਿਆ ਸੀ ਕਿ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਜਿਸ ’ਤੇ ਪੰਚਾਇਤ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਇੱਕ ਡਰੇਨ ਬਣਾ ਕੇ ਪਾਣੀ ਦੂਰ ਕਿਤੇ ਲਿਜਾਇਆ ਜਾਵੇਗਾ। ਕੂੜੇ ਦੇ ਢੇਰਾਂ ਬਾਰੇ ਵੀ ਦੁਕਾਨਦਾਰਾਂ ਨੂੰ ਵੀ ਕਿਹਾ ਜਾਵੇਗਾ ਕਿ ਇਸ ਕੂੜੇ ਨੂੰ ਹਸਪਤਾਲ ਦੇ ਮੂਹਰੇ ਨਾ ਸੁੱਟਿਆ ਜਾਵੇ।