ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਪਟਿਆਲਾ/ਰਾਜਪੁਰਾ, 29 ਅਪਰੈਲ
ਪਟਿਆਲਾ ਦੇ ਐੱਸਪੀ (ਡੀ) ਗੁਰਵੰਸ ਸਿੰਘ ਬੈਂਸ ਦੀ ਨਿਗਰਾਨੀ ਅਤੇ ਡੀਐੱਸਪੀ ਰਾਜੇਸ਼ ਕੁਮਾਰ ਮਲਹੋਤਰਾ ਦੀ ਅਗਵਾਹੀ ਹੇਠ ਏਐੱਸਆਈ ਸਤਨਾਮ ਸਿੰਘ ਇੰਚਾਰਜ ਸਪੈਸ਼ਲ ਸੈੱਲ ਰਾਜਪੁਰਾ ਦੀ ਟੀਮ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਦੋ ਪਿਸਤੌਲ ਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਆਸ਼ੀਸ਼ ਕੁਮਾਰ ਬਿੱਲਾ ਵਾਸੀ ਰਾਜਪੁਰਾ ਟਾਊਨ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਅਨੁਸਾਰ ਏਐੱਸਆਈ ਗੁਰਮੇਲ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਆਸ਼ੀਸ਼ ਉਰਫ ਬਿੱਲਾ ਦੇ ਵਿਦੇਸ਼ ਰਹਿੰਦੇ ਗੁਰਵਿੰਦਰ ਸਿੰਘ ਵਾਸੀ ਰਾਜਪੁਰਾ ਹਾਲ ਵਾਸੀ ਯੂਐੱਸਏ ਨਾਲ ਨੇੜਲੇ ਸਬੰਧ ਹਨ। ਉਹ ਗੁਰਵਿੰਦਰ ਸਿੰਘ ਦੇ ਕਹਿਣ ’ਤੇ ਟਾਰਗੇਟ ਕੀਲਿੰਗ, ਫਿਰੌਤੀਆਂ ਮੰਗਣ ਅਤੇ ਨਾਜਾਇਜ਼ ਅਸਲੇ ਦੀ ਸਪਲਾਈ ਕਰਦਾ ਹੈ। ਮੁਖਬਰ ਨੇ ਦੱਸਿਆ ਸੀ ਕਿ ਉਹ ਅੰਬਾਲਾ ਵਾਲੇ ਪਾਸੇ ਤੋਂ ਰਾਜਪੁਰਾ ਵੱਲ ਆਵੇਗਾ। ਡੀਐੱਸਪੀ ਰਾਜੇਸ਼ ਮਲਹੋਤਰਾ ਅਨੁਸਾਰ ਮੁਲਜ਼ਮ ਨੂੰ ਕਾਬੂ ਕਰਕੇ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਕਹਿਣ ’ਤੇ ਆਸ਼ੀਸ਼ ਕੁਮਾਰ ਉਰਫ ਬਿੱਲਾ ਟਾਰਗੇਟਕੀਲਿੰਗ, ਫਿਰੌਤੀਆਂ ਮੰਗਣ ਅਤੇ ਨਾਜਾਜ਼ ਅਸਲੇ ਦੀ ਸਪਲਾਈ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਡੀਐੱਸਪੀ ਅਨੁਸਾਰ ਸਪੈਸ਼ਲ ਸੈੱਲ ਰਾਜਪੁਰਾ ਨੇ ਆਸ਼ੀਸ਼ ਕੁਮਾਰ ਉਰਫ ਬਿੱਲਾ ਕੋਲੋਂ 2 ਨਾਜਾਇਜ਼ ਪਿਸਤੌਲ 32 ਬੋਰ ਅਤੇ 8 ਕਾਰਤੂਸ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਉਸ ਗੁਰਬਾਜ਼ ਸਿੰਘ ਪਿਲਖਣੀ ਦਾ ਪੁੱਤਰ ਹੈ, ਜਿਸ ’ਤੇ ਕਿਸੇ ਸਮੇਂ ਬੱਬਰ ਖਾਲਸਾ ਦੇ ਮੁਖੀ ਜਗਤਾਰ ਸਿੰਘ ਹਵਾਰਾ ਦੀ ਮਦਦ ਕਰਨ ਅਤੇ ਉਸ ਦੇ ਸਾਥੀ ਵਜੋਂ ਵੀ ਕੇਸ ਦਰਜ ਹੋਇਆ ਸੀ।