ਸਿੱਖਿਆ ਦੇ ਚਾਨਣ ਨੂੰ ਨਾ ਨ੍ਹੇਰਾ ਕੋਈ ਡਰਾਏ…
ਅਰਵਿੰਦਰ ਜੌਹਲ
ਹਰ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜ ਵਿੱਚ ਸਲੀਕੇ ਨਾਲ ਵਿਚਰੇ, ਕਿਸੇ ਵੀ ਸੂਰਤ ਤਹਿਜ਼ੀਬ ਦਾ ਪੱਲਾ ਨਾ ਛੱਡੇ ਅਤੇ ਹਰ ਛੋਟੇ-ਵੱਡੇ ਨੂੰ ਬਣਦਾ ਮਾਣ-ਸਤਿਕਾਰ ਦੇਵੇ। ਸਿਆਸੀ ਰਹਿਬਰਾਂ ਤੋਂ ਤਾਂ ਅਜਿਹੀ ਉਮੀਦ ਹੋਰ ਵੀ ਜ਼ਿਆਦਾ ਹੁੰਦੀ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਇਹ ਆਸ ਤਾਂ ਕਰਨੀ ਹੀ ਬਣਦੀ ਹੈ ਕਿ ਉਹ ਨਾ ਕੇਵਲ ਉਨ੍ਹਾਂ ਨੂੰ ਚੁਣਨ ਵਾਲਿਆਂ, ਸਗੋਂ ਹਰ ਕਿਸੇ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਦੇ ਨਾਲ-ਨਾਲ ਉਸ ਦਾ ਇਜ਼ਹਾਰ ਵੀ ਕਰਨ।
ਸਾਡੇ ਵਿੱਦਿਅਕ ਅਦਾਰਿਆਂ- ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਤਾਂ ਉਂਜ ਹੀ ਮਾਹੌਲ ਅਜਿਹਾ ਹੁੰਦਾ ਹੈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਸਕੂਲ ਸਾਡੀ ਵਿੱਦਿਅਕ ਪੌੜੀ ਦਾ ਪਹਿਲਾ ਡੰਡਾ ਹਨ ਜਿਸ ਦੇ ਸਭ ਤੋਂ ਹੇਠਲੇ ਡੰਡੇ ’ਤੇ ਪੈਰ ਰੱਖਣ ਮਗਰੋਂ ਬੱਚਿਆਂ ਨੇ ਇੱਕ-ਇੱਕ ਡੰਡਾ ਉੱਪਰ ਚੜ੍ਹਦਿਆਂ ਸਿਖ਼ਰ ’ਤੇ ਪੁੱਜਣਾ ਹੁੰਦਾ ਹੈ। ਹਾਲ ਹੀ ਵਿੱਚ ਸਮਾਣਾ ਦੇ ਸਕੂਲ ਔਫ ਐਮੀਨੈਂਸ ਵਿੱਚ ਚਾਰਦੀਵਾਰੀ ਦਾ ਉਦਘਾਟਨ ਕਰਨ ਪੁੱਜੇ ਸਾਬਕਾ ਸਿਹਤ ਮੰਤਰੀ ਅਤੇ ‘ਆਪ’ ਆਗੂ ਚੇਤਨ ਸਿੰਘ ਜੌੜੇਮਾਜਰਾ ਨੇ ਮੰਚ ’ਤੇ ਕਤਾਰ ਵਿੱਚ ਬੈਠੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਡਾਇਸ ’ਤੇ ਖੜੋਂਦਿਆਂ ਹੱਥ ਵਿੱਚ ਮਾਈਕ ਫੜ ਕੇ ਜਿਵੇਂ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਝਾੜ-ਝੰਬ ਕੀਤੀ, ਉਸ ਦਾ ਸ਼ਬਦ-ਸ਼ਬਦ ਉਸ ਸਕੂਲ ਦੇ ਅਧਿਆਪਕਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਸਗੋਂ ਸੂਬੇ ਦੇ ਸਾਰੇ ਲੋਕਾਂ ਲਈ ਜਾਣਨਾ ਜ਼ਰੂਰੀ ਹੈ। ਇਹ ਗੱਲ ਵੱਖਰੀ ਹੈ ਕਿ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ‘ਅਨਮੋਲ ਬਚਨਾਂ’ ਵਾਲੀ ਇਹ ਵੀਡੀਓ ਬਹੁਤ ਸਾਰਿਆਂ ਨੇ ਦੇਖ ਲਈ ਹੈ। ਮੈਂ ਖ਼ੁਦ ਵੀ ਇਹ ਵੀਡੀਓ ਦੇਖੀ। ਮਾਈਕ ਫੜ ਕੇ ਲਗਾਤਾਰ ਤਲਖ਼ ਆਵਾਜ਼ ਵਿੱਚ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਝਾੜ-ਝੰਬ ਕਰਦਿਆਂ ਜੌੜੇਮਾਜਰਾ ਜੀ ਰੁਕੇ ਤਾਂ ਕਿਤੇ ਹੈ ਹੀ ਨਹੀਂ। ਖ਼ੈਰ, ਇਹ ਵੀ ਨਹੀਂ ਸੀ ਕਿ ਸਕੂਲ ਵਾਲਿਆਂ ਨੇ ਉਨ੍ਹਾਂ ਦੇ ਮਾਣ-ਸਤਿਕਾਰ ’ਚ ਕਿਤੇ ਕੋਈ ਕਮੀ ਛੱਡੀ ਹੋਵੇ। ਉਸ ਦਿਨ ਮਿੱਥੇ ਸਮੇਂ ਤੋਂ ਰਤਾ ਕੁ ਪੱਛੜ ਕੇ ਪੁੱਜੇ ਵਿਧਾਇਕ ਜੌੜੇਮਾਜਰਾ ਜੀ ਦੀ ਆਮਦ ’ਤੇ ਸਕੂਲ ਵੱਲੋਂ ਸੱਦੇ ਢੋਲੀ ਨੇ ਢੋਲ ਵਜਾਇਆ ਅਤੇ ਬੱਚਿਆਂ ਨੇ ਉਨ੍ਹਾਂ ’ਤੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ। ਇਸ ਮੌਕੇ ਮੋਹਤਬਰਾਂ ਨੇ ਉਨ੍ਹਾਂ ਦੇ ਗਲ਼ ਵਿੱਚ ਗੇਂਦੇ ਦੇ ਫੁੱਲਾਂ ਦੇ ਖ਼ੂਬਸੂਰਤ ਹਾਰ ਪਾਏ, ਨਾਲ ਹੀ ਮੂੰਹ ਮਿੱਠਾ ਕਰਵਾਇਆ ਅਤੇ ਰਿਬਨ ਵੀ ਕਟਵਾਇਆ। ਸਕੂਲ ਵਾਲਿਆਂ ਵੱਲੋਂ ਮੂੰਹ ਮਿੱਠਾ ਕਰਵਾਉਣ ਨਾਲ ਵੀ ਕੋਈ ਫ਼ਰਕ ਨਾ ਪਿਆ ਸਗੋਂ ਉਨ੍ਹਾਂ ਦੀ ਝੋਲੀ ਤਾਂ ਬੱਚਿਆਂ ਦੀ ਹਾਜ਼ਰੀ ਵਿੱਚ ਕੰਡਿਆਂ ਜਿਹੇ ਕੌੜੇ-ਕੁਸੈਲੇ ਬੋਲ ਹੀ ਪਏ।
ਮਾਈਕ ਫੜੀ ਤਪੇ ਹੋਏ ਜੌੜੇਮਾਜਰਾ ਜੀ ਪ੍ਰਿੰਸੀਪਲ ਨੂੰ ਮੁਖ਼ਾਤਬ ਹੋ ਕੇ ਪੁੱਛਦੇ ਰਹੇ, ‘‘ਕਲਾਸਾਂ ਕਿਹੜੀਆਂ-ਕਿਹੜੀਆਂ ਬੈਠੀਆਂ ਨੇ?…... ਸਾਰੇ ਬੱਚੇ ਹੈਗੇ ਆ...… ਕਿੰਨੇ ਬੱਚੇ ਗ਼ੈਰਹਾਜ਼ਰ ਆ?…... ਕਿੰਨੇ ਟੀਚਰ ਇੱਥੇ ਨਹੀਂ ਬੈਠੇ? ... ਇਹ ਦੱਸੋ ਪਹਿਲਾਂ…... ਕਿੰਨੇ ਟੀਚਰ ਅੰਦਰ ਆ?…... ਇਹ ਕੌਣ ਐ ਜਿਹੜੇ ਇੱਥੇ ਖੜੋਤੇ ਆ?…... ਇਹ ਕੋਈ ਪਲਾਨ ਕੀਤਾ ਹੋਇਆ ਪ੍ਰੋਗਰਾਮ ਐ ਤੁਹਾਡਾ?…... ਬਿਲਕੁਲ ਫੇਲ੍ਹ ਪ੍ਰੋਗਰਾਮ ਐ ਤੁਹਾਡਾ ...…ਬਿਲਕੁਲ ਫੇਲ੍ਹ।’’
ਕੁਝ ਵੀ ਕਹੋ, ਜਦੋਂ ਤੁਹਾਡੀ ਆਮਦ ’ਤੇ ਢੋਲ ਵੱਜੇ ਹੋਣ, ਉੱਪਰੋਂ ਫੁੱਲ ਪੱਤੀਆਂ ਦੀ ਵਰਖਾ ਹੋਈ ਹੋਵੇ ਅਤੇ ਗਲ਼ ਵਿੱਚ ਫੁੱਲਾਂ ਦੇ ਹਾਰ ਪਏ ਹੋਣ ਤਾਂ ਏਦਾਂ ਮਾਈਕ ਫੜ ਕੇ ‘ਫੇਲ੍ਹ ਪ੍ਰੋਗਰਾਮ…... ਫੇਲ੍ਹ ਪ੍ਰੋਗਰਾਮ’ ਦੇ ਮਿਹਣੇ ਦੇਣੇ ਸੋਭਦੇ ਨਹੀਂ।
ਜੌੜੇਮਾਜਰਾ ਜੀ ਵੱਲੋਂ ਕੌੜੇ-ਕੁਸੈਲੇ ਬਚਨਾਂ ਦੇ ਹਾਰ ਪਰੋਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਖ਼ੈਰ, ਹੱਥ ’ਚ ਮਾਈਕ ਹੋਣ ਕਾਰਨ ਉਨ੍ਹਾਂ ਦਾ ਇੱਕ-ਇੱਕ ਲਫ਼ਜ਼ ਦੂਰ-ਦੂਰ ਤੱਕ ਐਨ ਸਾਫ਼ ਸੁਣਾਈ ਦੇ ਰਿਹਾ ਸੀ। ਆਪਣੇ ਹੀ ਵਿਦਿਆਰਥੀਆਂ ਸਾਹਮਣੇ ਹੋ ਰਹੀ ਲਾਹ-ਪਾਹ ਕਾਰਨ ਅਧਿਆਪਕਾਂ ਦੀ ਹਾਲਤ ਇਹ ਸੀ ਕਿ ਧਰਤੀ ਮਾਂ ਉਨ੍ਹਾਂ ਨੂੰ ਵਿਹਲ ਦੇ ਦੇਵੇ। ਉਹ ਖ਼ਾਮੋਸ਼ ਸਭ ਕੁਝ ਸੁਣਦੇ ਰਹੇ। ਖ਼ੈਰ, ਉਨ੍ਹਾਂ ਕੋਲ ਚੁੱਪਚਾਪ ਜ਼ਲਾਲਤ ਸਹਿਣ ਤੋਂ ਬਿਨਾਂ ਹੋਰ ਚਾਰਾ ਵੀ ਕੀ ਸੀ?
ਜੌੜੇਮਾਜਰਾ ਜੀ ਲਈ ਅਜਿਹੀ ਗੱਲ ਕੋਈ ਨਵੀਂ ਨਹੀਂ ਹੈ। ਜੇ ਮੈਂ ਭੁੱਲਦੀ ਨਹੀਂ ਤਾਂ ਉਹ ਜਦੋਂ ਸਿਹਤ ਮੰਤਰੀ ਹੁੰਦੇ ਸਨ, ਉਦੋਂ ਫ਼ਰੀਦਕੋਟ ਮੈਡੀਕਲ ਕਾਲਜ ਦੇ ਦੌਰੇ ਵੇਲੇ ਉਨ੍ਹਾਂ ਉੱਤਰੀ ਭਾਰਤ ਦੇ ਰੀੜ੍ਹ ਦੀ ਹੱਡੀ ਦੇ ਉੱਘੇ ਡਾਕਟਰ ਰਾਜ ਬਹਾਦਰ ਨਾਲ ਵੀ ਕੋਈ ਘੱਟ ਨਹੀਂ ਸੀ ਗੁਜ਼ਾਰੀ। ਉਨ੍ਹਾਂ ਹਸਪਤਾਲ ’ਚ ਮਰੀਜ਼ਾਂ ਲਈ ਗੱਦੇ ਗੰਦੇ ਹੋਣ ਦਾ ਉਲਾਂਭਾ ਦਿੰਦਿਆਂ ਡਾ. ਰਾਜ ਬਹਾਦਰ ਨੂੰ ਉਸ ਉੱਤੇ ਪੈਣ ਲਈ ਮਜਬੂਰ ਕੀਤਾ ਸੀ। ਉਸ ਵੇਲੇ ਜੌੜੇਮਾਜਰਾ ਜੀ ਦੀ ਉਂਗਲ ਖੜ੍ਹੀ ਹੋਈ ਤੇ ਲਹਿਜਾ ਉਫ਼…... ਤੌਬਾ! ਗੱਲਬਾਤ ’ਚ ਨਰਮੀ, ਸ਼ਾਇਸਤਗੀ ਕਿਤੇ ਨੇੜੇ-ਤੇੜੇ ਵੀ ਨਹੀਂ ਸੀ। ਡਾ. ਰਾਜ ਬਹਾਦਰ, ਜਿਨ੍ਹਾਂ ਨੂੰ ਮਰੀਜ਼ ਰੱਬ ਵਾਂਗ ਪੂਜਦੇ ਨੇ, ਨੂੰ ਜੌੜੇਮਾਜਰਾ ਨੇ ਹੱਥ ਲਾ ਕੇ ਬੈੱਡ ਵੱਲ ਇੱਕ ਤਰ੍ਹਾਂ ਧੱਕ ਦਿੱਤਾ ਸੀ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਾਜ ਬਹਾਦਰ ਕਾਫ਼ੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਸਾਹਮਣੇ ਬੇਵੱਸ ਨਜ਼ਰ ਆਉਂਦਿਆਂ ਗੱਦੇ ’ਤੇ ਜਾ ਪਏ। ਇਸ ਘਟਨਾ ਮਗਰੋਂ ਵੀ ਜੌੜੇਮਾਜਰਾ ਜੀ ਦੀ ਅੱਛੀ-ਖਾਸੀ ‘ਸੋਭਾ’ ਬਣੀ ਸੀ। ਡਾ. ਰਾਜ ਬਹਾਦਰ ਅਜਿਹੇ ਨਿਰਾਦਰੀ ਭਰੇ ਰਵੱਈਏ ਕਾਰਨ ਅੰਦਰੋਂ ਏਨੇ ਦੁਖੀ ਸਨ ਕਿ ਕੁਝ ਸਿਆਸੀ ਆਗੂ ਜਦੋਂ ਉਨ੍ਹਾਂ ਨੂੰ ਹੌਸਲਾ ਦੇਣ ਗਏ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ ਤਾਂ ਉਹ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਨ ਦੇ ਨਾਲ-ਨਾਲ ਆਪਣੀਆਂ ਅੱਖਾਂ ’ਚੋਂ ਹੰਝੂ ਨਾ ਰੋਕ ਸਕੇ। ਏਨੇ ਸੀਨੀਅਰ ਅਤੇ ਕੌਮਾਂਤਰੀ ਪੱਧਰ ਦੇ ਡਾਕਟਰ ਨੂੰ ਜੌੜੇਮਾਜਰਾ ਜੀ ਨੇ ਆਪਣੇ ਵਤੀਰੇ ਨਾਲ ਰੁਆ ਹੀ ਨਹੀਂ ਸੀ ਛੱਡਿਆ ਸਗੋਂ ਉਹ ਦੁਖੀ ਹੋ ਕੇ ਆਪਣੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਗਏ ਸਨ। ਜੌੜੇਮਾਜਰਾ ਜੀ ਨੇ ਹੁਣ ਅਧਿਆਪਕਾਂ ਤੋਂ ਮੁਆਫ਼ੀ ਮੰਗ ਕੇ ਆਪਣਾ ਪੱਲਾ ਬਚਾਉਣ ਤੇ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਏਨੇ ਸੀਨੀਅਰ ਕੌਮਾਂਤਰੀ ਪ੍ਰਸਿੱਧੀ ਦੇ ਡਾਕਟਰ ਨੂੰ ਨਹੀਂ ਬਖ਼ਸ਼ਿਆ, ਫਿਰ ਇਹ ਅਧਿਆਪਕ ਤਾਂ ਕਿਸ ਦੇ ਪਾਣੀਹਾਰ ਹਨ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਅਧੀਨ ਉਹ ਸਕੂਲ ਦੇ ਉਦਘਾਟਨੀ ਸਮਾਗਮ ’ਚ ਸ਼ਾਮਲ ਹੋਣ ਸਮਾਣੇ ਗਏ ਸਨ। ਕਿਤੇ ‘ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਉੱਤੇ ਇਸ ਘਟਨਾ ਦਾ ਪਰਛਾਵਾਂ ਤਾਂ ਨਹੀਂ ਪੈ ਗਿਆ? ਮੁੱਖ ਮੰਤਰੀ ਭਗਵੰਤ ਮਾਨ ਦੇ ਪਿਤਾ ਤਾਂ ਖ਼ੁਦ ਅਧਿਆਪਕ ਸਨ। ਮੇਰਾ ਨਹੀਂ ਖ਼ਿਆਲ ਕਿ ਅਧਿਆਪਕਾਂ ਦੀ ਅਜਿਹੀ ਬੇਇੱਜ਼ਤੀ ਉਨ੍ਹਾਂ ਨੂੰ ਹਜ਼ਮ ਹੋਵੇਗੀ। ਫ਼ਰਜ਼ ਕਰੋ, ਜੌੜੇਮਾਜਰਾ ਜੀ ਨੂੰ ਅਧਿਆਪਕਾਂ ਖ਼ਿਲਾਫ਼ ਕੋਈ ਸ਼ਿਕਾਇਤ ਹੈ ਵੀ ਸੀ ਤਾਂ ਉਹ ਅੰਦਰ ਬੈਠ ਕੇ ਉਨ੍ਹਾਂ ਨਾਲ ਗਿਲਾ-ਸ਼ਿਕਵਾ ਕਰ ਸਕਦੇ ਸਨ ਪਰ ਮਾਈਕ ਫੜ ਕੇ ਆਪੇ ਤੋਂ ਬਾਹਰ ਹੋ ਕੇ ਅਧਿਆਪਕਾਂ ਨੂੰ ਉੱਚੀ-ਉੱਚੀ ਬੋਲਣਾ ਪੰਜਾਬ ਦੇ ਕਿਸੇ ਵੀ ਹੱਸਾਸ ਵਿਅਕਤੀ ਨੂੰ ਪ੍ਰਵਾਨ ਨਹੀਂ ਹੋਵੇਗਾ। ਜੌੜੇਮਾਜਰਾ ਜੀ ਨੇ ਅਜਿਹਾ ਰਵੱਈਆ ਅਪਣਾ ਕੇ ਸਮਾਣਾ ਦੇ ਸਕੂਲ ਔਫ ਐਮੀਨੈਂਸ ਦੇ ਅਧਿਆਪਕਾਂ ਨੂੰ ਹੀ ਸ਼ਰਮਿੰਦਿਆਂ ਨਹੀਂ ਕੀਤਾ ਸਗੋਂ ਉਨ੍ਹਾਂ ਦਾ ਅਜਿਹਾ ਵਿਹਾਰ ਦੇਖ ਕੇ ਉਨ੍ਹਾਂ ਦੇ ਆਪਣੇ ਅਧਿਆਪਕ ਵੀ ਜ਼ਰੂਰ ਸ਼ਰਮਿੰਦੇ ਹੋਏ ਹੋਣਗੇ ਕਿਉਂਕਿ ਪੈਰੀਂ ਹੱਥ ਲਾ ਕੇ ਅਧਿਆਪਕਾਂ ਨੂੰ ਸਤਿਕਾਰ ਦੇਣਾ ਸਾਡੇ ਸੱਭਿਆਚਾਰ ਦੀ ਮਾਣਮੱਤੀ ਰਵਾਇਤ ਹੈ।