ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਥੈਲੇਸੀਮੀਆ ਜਾਗਰੂਕਤਾ ਦਿਵਸ ਮਨਾਇਆ
ਪੱਤਰ ਪ੍ਰੇਰਕ
ਲਹਿਰਾਗਾਗਾ, 8 ਮਈ
ਸਿਹਤ ਵਿਭਾਗ ਵੱਲੋਂ ਬਲਾਕ ਪੱਧਰ ‘ਤੇ ਵਿਸ਼ਵ ਥੈਲੇਸੀਮੀਆ ਜਾਗਰੂਕਤਾ ਦਿਵਸ ਮਨਾਇਆ ਗਿਆ। ਆਈ.ਈ.ਸੀ. ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਥੈਲੇਸੀਮਿਆ ਇੱਕ ਗੰਭੀਰ ਖਾਨਦਾਨੀ ਰੋਗ ਹੈ ਜਿਸ ਵਿੱਚ ਪੀੜਤ ਵਿਅਕਤੀ ਵਿੱਚ ਖੂਨ ਦੇ ਨਾਲ ਨਾਲ ਸੈੱਲ ਬਣਾਉਣ ਦੀ ਸ਼ਕਤੀ ਵੀ ਘਟ ਜਾਂਦੀ ਹੈ ਰੋਗ ਦੇ ਮਰੀਜ਼ ਨੂੰ ਹਰ 15-20 ਦਿਨਾਂ ਦੇ ਬਾਅਦ ਖੂਨ ਚੜ੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਦਾ ਖਾਸ ਕਰ ਪਹਿਲੀ ਤਿਮਾਹੀ ਵਿੱਚ, ਵਿਆਹ ਲਾਇਕ ਜੋੜਿਆਂ, ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੋ ਰਿਹਾ ਹੋਵੇ ਉਨ੍ਹਾਂ ਦੀ ਜਾਂਚ ਅਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।
ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਥੈਲੇਸੀਮੀਆ ਪੀੜਤ ਵਿਅਕਤੀਆਂ ਦੀ ਸਹਾਇਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਟਿਆਲਾ ਥੈਲੇਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ ਦੇ ਥੈਲਾਸੀਮਕ ਵਾਰਡ ਵਿੱਚ ਮਨਾਏ ਗਏ ਵਿਸ਼ਵ ਥੈਲਾਸੀਮੀਆ ਦਿਵਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸ਼ਿਰਕਤ ਕਰਕੇ ਥੈਲਾਸੀਮਕ ਬੱਚਿਆਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਉਹਨਾਂ ਨਾਲ ਰਾਜਿੰਦਰਾ ਹਸਪਤਾਲ ਦੇ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅਰੁਣ ਮਹਾਜਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਪਟਿਆਲਾ ਥੈਲਾਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਪਾਹਵਾ, ਉਪ ਪ੍ਰਧਾਨ ਰਾਜੀਵ ਅਰੋੜਾ, ਸਕੱਤਰ ਤਿਰਲੋਕ ਸਿੰਘ, ਕੈਸ਼ੀਅਰ ਨਰੇਸ਼ ਕੁਮਾਰ, ਜੁਆਇੰਟ ਸਕੱਤਰ ਸਤੀਸ਼ ਕੁਮਾਰ ਵੀ ਹਾਜ਼ਰ ਸਨ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਪਟਿਆਲਾ ਥੈਲਾਸੀਮਕ ਚਿਲਡਰਨ ਵੈੱਲਫੇਅਰ ਐਸੋਸੀਏਸ਼ਨ ਜੋ ਕਿ ਪਿਛਲੇ 20 ਸਾਲਾ ਤੋਂ ਥੈਲਾਸੀਮੀਆ ਪੀੜਤ ਵਿਅਕਤੀਆਂ ਜਿਨ੍ਹਾਂ ਨੂੰ ਵਾਰ ਵਾਰ ਖ਼ੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ, ਦੀ ਖ਼ੂਨ ਦੀ ਮੰਗ ਨੂੰ ਪੂਰਾ ਕਰਨ ਅਤੇ ਰਾਜਿੰਦਰਾ ਹਸਪਤਾਲ ਦੇ ਵਾਰਡ ਵਿੱਚ ਪੀੜਤ ਵਿਅਕਤੀਆਂ ਦੇ ਖ਼ੂਨ ਚੜ੍ਹਵਾਉਣ ਅਤੇ ਮੁਫ਼ਤ ਦਵਾਈਆਂ ਦਿਵਾਉਣ ਵਿੱਚ ਹਰ ਸੰਭਵ ਮਦਦ ਕਰ ਰਹੀ ਹੈ।