ਸਿਹਤ ਵਿਭਾਗ ਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇ
ਧਰਮਕੋਟ/ ਕੋਟ ਈਸੇ ਖਾਂ, 8 ਅਪਰੈਲ
ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਬੀਤੀ ਦੇਰ ਸ਼ਾਮ ਜ਼ਿਲ੍ਹਾ ਸਿਹਤ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਨੇ ਹਲਕੇ ਅੰਦਰ ਤਿੰਨ ਮੈਡੀਕਲ ਸਟੋਰਾਂ ’ਤੇ ਛਾਪੇ ਮਾਰੇ। ਇਸ ਦੌਰਾਨ ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ। ਡਰੱਗ ਇੰਸਪੈਕਟਰ ਰਵੀ ਗੁਪਤਾ ਅਤੇ ਥਾਣਾ ਕੋਟ ਈਸੇ ਖਾਂ ਦੇ ਮੁੱਖੀ ਸੁਨੀਤਾ ਬਾਵਾ ਨੇ ਸਾਂਝੇ ਤੌਰ ’ਤੇ ਕੋਟ ਈਸੇ ਖਾਂ ਦੇ ਮਸੀਤਾਂ ਰੋਡ ਸਥਿਤ ਨਾਮਵਰ ਗੀਤਾਂ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ 500 ਕੈਪਸੂਲ ਤੇ 7400 ਗੋਲੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਹੀ ਚੌਕ ਵਿੱਚ ਸਥਿਤ ਗੁਰੂ ਨਾਨਕ ਮੈਡੀਕਲ ਹਾਲ ’ਚੋਂ 392 ਨਸ਼ੀਲੇ ਕੈਪਸੂਲ ਬਰਾਮਦ ਹੋਏ। ਇਸੇ ਤਰ੍ਹਾਂ ਧਰਮਕੋਟ ਵਿੱਚ ਸੀਰਾ ਮੈਡੀਕਲ ਸਟੋਰ ਦੀ ਚੈਕਿੰਗ ਦੌਰਾਨ 710 ਪਾਬੰਦੀ ਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ ਹਨ। ਡਰੱਗ ਇੰਸਪੈਕਟਰ ਨੇ ਦੱਸਿਆ ਕਿ ਗੀਤਾਂ ਮੈਡੀਕਲ ਸਟੋਰ ਨੂੰ ਸੀਲ ਕੀਤਾ ਗਿਆ ਹੈ ਅਤੇ ਉਸਦੇ ਮਾਲਕ ਤਰੁਣ ਕੁਮਾਰ ਵਿਰੁੱਧ ਦੋ ਵੱਖ-ਵੱਖ ਕੇਸ ਥਾਣਾ ਕੋਟ ਈਸੇ ਖਾਂ ਵਿੱਚ ਦਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਮੈਡੀਕਲ ਹਾਲ ਦਾ ਲਾਇਸੈਂਸ ਰੱਦ ਕਰਨ ਲਈ ਉਪਰ ਸਿਫਾਰਸ਼ ਭੇਜ ਦਿੱਤੀ ਗਈ ਹੈ। ਧਰਮਕੋਟ ਵਾਲਾ ਸੀਰਾ ਮੈਡੀਕਲ ਸਟੋਰ ਵੀ ਗੈਰ ਕਾਨੂੰਨੀ ਢੰਗ ਨਾਲ ਸੁਖਜੀਤ ਸਿੰਘ ਵਾਸੀ ਲੰਡੇਕੇ ਅਤੇ ਕੁਲਬੀਰ ਸਿੰਘ ਵਾਸੀ ਕੰਨੀਆਂ ਵੱਲੋਂ ਚਲਾਇਆ ਜਾ ਰਿਹਾ ਸੀ ਇਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਕੋਟ ਈਸੇ ਖਾਂ ਦੇ ਗੀਤਾਂ ਮੈਡੀਕਲ ਸਟੋਰ ਦੇ ਮਾਮਲੇ ਨੂੰ ਵਿਰੋਧੀਆਂ ਵਲੋਂ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੋਰ ਸੰਚਾਲਕ ਤਰੁਣ ਕੁਮਾਰ ‘ਆਪ’ ਆਗੂ ਹੀਰਾ ਲਾਲ ਡਾਬਰ ਅਤੇ ਵਾਰਡ ਨੰਬਰ 9 ਦੇ ਕੌਂਸਲਰ ਰਜਨੀ ਬਾਲਾ ਦਾ ਬੇਟਾ ਹੈ। ਇਹ ਮੈਡੀਕਲ ਸਟੋਰ ਲੰਬੇ ਸਮੇਂ ਤੋਂ ਚਰਚਾ ਵਿੱਚ ਸੀ। ਕਾਂਗਰਸ ਦੇ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਵਲੋਂ ਅੱਜ ਆਪਣੇ ਫੇਸਬੁੱਕ ਪੇਜ਼ ’ਤੇ ਇਸ ਸਬੰਧੀ ਤਸਵੀਰ ਸਮੇਤ ਪੋਸਟ ਸਾਂਝੀ ਕਰਕੇ ‘ਆਪ’ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਵੱਲ ਉਂਗਲ ਉਠਾਈ ਅਤੇ ਕਿਹਾ ਕਿ ਸਰਕਾਰ ਦੇ ਚਹੇਤਿਆਂ ਵੱਲੋਂ ਨਸ਼ਿਆਂ ਦੇ ਕਾਰੋਬਾਰ ਚਲਾ ਕੇ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ।