ਸਿਰਸਾ: ਚਾਰ ਜਣੇ ਹੈਰੋਇਨ ਸਮੇਤ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 10 ਅਪਰੈਲ
ਪੁਲੀਸ ਨੇ ਗਸ਼ਤ ਦੌਰਾਨ ਚਾਰ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਅਜੇ ਵਾਸੀ ਭੱਟੂ, ਜ਼ਿਲ੍ਹਾ ਫਤਿਹਾਬਾਦ, ਅਸਲਮ ਵਾਸੀ, ਮੋਹਿਤ ਕੁਮਾਰ ਅਤੇ ਸੋਨੂੰ ਵਜੋਂ ਹੋਈ ਹੈ। ਸੀਆਈਏ ਥਾਣਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲੀਸ ਟੀਮ ਗਸ਼ਤ ਦੌਰਾਨ ਡੱਬਵਾਲੀ ਰੋਡ ਵੱਲ ਜਾ ਰਹੀ ਸੀ ਤਾਂ ਸਾਹਮਣਿਓਂ ਆਉਂਦੀ ਇੱਕ ਕਾਰ ਦੇ ਡਰਾਈਵਰ ਨੇ ਪੁਲੀਸ ਨੂੰ ਦੇਖ ਕੇ ਕਾਰ ਵਾਪਸ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸਨੂੰ ਪੁਲੀਸ ਦੇ ਜਵਾਨਾਂ ਨੇ ਕਾਬੂ ਕਰ ਲਿਆ। ਜਦੋਂ ਕਾਰ ’ਚ ਸਵਾਰ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ 2 ਮਿਲੀਗ੍ਰਾਮ ਹੈਰੋਇਨ ਮਿਲੀ।
ਇਸੇ ਤਰ੍ਹਾਂ ਪੁਲੀਸ ਦੀ ਇੱਕ ਹੋਰ ਟੀਮ ਨੇ ਰਾਣੀਆਂ ਰੋਡ ’ਤੋਂ ਇੱਕ ਨੌਜਵਾਨ ਕੋਲੋਂ 12 ਗ੍ਰਾਮ 70 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਦੀ ਇੱਕ ਹੋਰ ਟੀਮ ਨੇ ਥੇੜ੍ਹ ਮੁਹੱਲਾ ਇਲਾਕੇ ’ਚੋਂ ਇੱਕ ਨੌਜਵਾਨ ਕੋਲੋਂ 6 ਗ੍ਰਾਮ 41 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਕਰਜ ਕਰ ਲਿਆ ਗਿਆ ਹੈ।
ਦੋ ਔਰਤਾਂ ਅੱਠ ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ
ਅਬੋਹਰ (ਪੱਤਰ ਪ੍ਰੇਰਕ): ਅਬੋਹਰ ਖੂਈਆਂ ਸਰਵਰ ਪੁਲੀਸ ਸਟੇਸ਼ਨ ਦੇ ਇੰਚਾਰਜ ਪਰਮਜੀਤ ਕੁਮਾਰ ਅਤੇ ਚੌਕੀ ਪੱਤੀ ਸਦੀਕ ਦੇ ਇੰਚਾਰਜ ਭੁਪਿੰਦਰ ਸਿੰਘ ਅਤੇ ਹੋਰ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਦੋ ਔਰਤਾਂ ਨੂੰ 8 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਖੂਈਆਂ ਸਰਵਰ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਔਰਤਾਂ ਨੂੰ ਜੱਜ ਸੁਖਮਨਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਚੌਕੀ ਪੱਤੀ ਸਾਦਿਕ ਦੇ ਇੰਚਾਰਜ ਭੁਪਿੰਦਰ ਸਿੰਘ ਸ਼ਾਮ ਸਮੇਂ ਪੰਨੀਵਾਲਾ ਮਾਹਲਾ ਨੇੜੇ ਪਿੰਡ ਕਲਾਰਖੇੜਾ ਤੋਂ ਪੁਲੀਸ ਟੀਮ ਨਾਲ ਗਸ਼ਤ ਕਰ ਰਹੇ ਸਨ ਜਿਸ ਦੌਰਾਨ ਦੋ ਔਰਤਾਂ ਸਿਰਾਂ ’ਤੇ ਪਲਾਸਟਿਕ ਦੇ ਥੈਲੇ ਲੈ ਕੇ ਸ਼ੱਕੀ ਢੰਗ ਨਾਲ ਘੁੰਮ ਰਹੀਆਂ ਸਨ। ਪੁਲੀਸ ਟੀਮ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲਈ। ਦੋਵਾਂ ਥੈਲਿਆਂ ਵਿੱਚੋਂ ਚਾਰ ਕਿਲੋ ਭੁੱਕੀ ਬਰਾਮਦ ਹੋਈ, ਜੋ ਕੁੱਲ 8 ਕਿਲੋ ਸੀ। ਇੱਥੇ ਪੁਲੀਸ ਵੱਲੋਂ ਫੜੀਆਂ ਗਈਆਂ ਔਰਤਾਂ ਦੀ ਪਛਾਣ ਮਨਜੀਤ ਕੌਰ ਅਤੇ ਕਰਮਜੀਤ ਕੌਰ ਵਾਸੀ ਸ਼ੇਰਪੁਰ ਟਿੱਬਾ, ਧਰਮਕੋਟ ਮੋਗਾ ਵਜੋਂ ਹੋਈ ਹੈ।Advertisementਹੈਰੋਇਨ ਸਮੇਤ ਗ੍ਰਿਫ਼ਤਾਰ
ਕਾਲਾਂਵਾਲੀ: ਸੀਆਈਏ ਸਟਾਫ਼ ਕਾਲਾਂਵਾਲੀ ਦੀ ਟੀਮ ਨੇ ਪਿੰਡ ਤਾਰੂਆਣਾ ਤੋਂ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਫੜ੍ਹੇ ਗਏ ਵਿਅਕਤੀ ਦੀ ਪਛਾਣ ਅਮਰੀਕ ਸਿੰਘ ਵਾਸੀ ਤਾਰੂਆਣਾ ਵਜੋਂ ਹੋਈ ਹੈ ਜਿਸ ਕੋਲੋਂ 8.04 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸੀਆਈਏ ਸਟਾਫ ਕਾਲਾਂਵਾਲੀ ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਰਾਮ ਸਰੂਪ ਆਪਣੀ ਪੁਲੀਸ ਪਾਰਟੀ ਨਾਲ ਪਿੰਡ ਤਾਰੂਆਣਾ ਤੋਂ ਕੁਝ ਦੂਰੀ ’ਤੇ ਸੁਖਚੈਨ ਰੋਡ ’ਤੇ ਗਸ਼ਤ ਲਈ ਖੜ੍ਹੇ ਸਨ। ਅੱਗੇ ਸੜਕ ’ਤੇ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲੀਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਿਆ ਅਤੇ ਵਾਪਸ ਜਾਣ ਲੱਗ ਪਿਆ। ਐਸਆਈ ਨੇ ਆਪਣੇ ਸਾਥੀ ਪੁਲੀਸ ਕਰਮਚਾਰੀਆਂ ਦੀ ਮਦਦ ਨਾਲ ਉਸ ਵਿਅਕਤੀ ਨੂੰ ਫੜ ਲਿਆ ਅਤੇ ਜਦੋਂ ਉਸਦੀ ਤਲਾਸ਼ੀ ਲਈ ਅਤੇ ਉਸਦੇ ਕਬਜ਼ੇ ਵਿੱਚੋਂ 8.04 ਗਰਾਮ ਹੈਰੋਇਨ ਬਰਾਮਦ ਹੋਈ। -ਪੱਤਰ ਪ੍ਰੇਰਕ