ਸਿਕੰਦਰ ਉਦਾਸ ਹੈ...
ਹਰਮੇਸ਼ ਮਾਲੜੀ
ਪੌਂ… ਪੌਂ… ਪੌਂਅ ਪੌਂਅ… ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਬਿੱਲੂ ਦੋਧੀ ਨੇ ਦੋਧੀਆਂ ਵਾਲਾ ਹੌਰਨ ਵਜਾਇਆ, ਪਰ ‘ਅੰਦਰ’ ਕੋਈ ਹਿੱਲਜੁਲ ਨਾ ਹੋਈ। ਕੁਝ ਅਸਹਿਜ ਹੁੰਦਿਆਂ ਉਸ ਬੰਦ ਗੇਟ ਤੋਂ ਅਗਾਂਹ, ਕੋਠੀ ਦੇ ‘ਅੰਦਰਲੀ’ ਹਰਕਤ ਸੁਣਨ ਲਈ ਆਪਣੇ ‘ਕੰਨਾਂ ‘ਤੇ ਜ਼ੋਰ’ ਪਾਇਆ, ਪਰ ਅੰਦਰ ਤਾਂ ਸੁੰਨ ਪਸਰੀ ਪਈ ਸੀ।
“ਕਿਤੇ… ਭਾਣਾ ਤਾਂ ਨੀਂ ਵਰਤ ਗਿਆ। …ਵਲੈਤੀਆ ਸੀਗਾ ਵੀ ‘ਬਮਾਰ…” ਬਿੱਲੂ ਦੀ ਅਵਾਜ਼ਾਰੀ ਹੋਰ ਵਧ ਗਈ। ਦੁਚਿੱਤੀ ‘ਚ ਉਹ ਆਪੇ, ਆਪਣੇ ਮਨ ਨਾਲ ਵਿਚਾਰਾਂ ਕਰਨ ਲੱਗਾ ”ਗੇਟ ਖੋਲ੍ਹ ਕੇ ਅੰਦਰ ਜਾਵਾਂ ਕਿ ਨਾ?… ਕਿਤੇ ਕੋਈ ਯੱਭ ਈ ਨਾ ਪੈ ਜਾਵੇ…” ਬਿੱਲੂ ਦੇ ਮਨ ‘ਤੇ ਡਰ ਵਧਦਾ ਜਾਂਦਾ ਸੀ। “ਅੱਜ ਤਾਂ ਟੌਮੀ ਵੀ ਨੀ ਭੌਂਕਿਆ… ਨਾ ਤਾਈ ਚਰਨੀ ਕਿਤੇ ਰੜਕਦੀ ਆ… ਕਿਤੇ ਕੋਈ ਚੋਰ ਲੁਟੇਰਾ ਤਾਂ ਨੀ…।” ਪਲਾਂ ਵਿੱਚ ਹੀ ਉਹ ਕਈ ਕੁਝ ਸੋਚ ਗਿਆ ”ਲੈ ਹੁਣ ਦੇਖਣਾ ਤਾਂ ਪਊਗਾ ਈ…” ਮੋਟਰ ਸਾਈਕਲ ਉਸ ਸਟੈਂਡ ‘ਤੇ ਲਾ ਲਿਆ।
ਪਿੱਛੋਂ ਪੂਰੀ ਮਸਤੀ ਵਿੱਚ ਆਏ ਬਿੱਲੂ ਦਾ ਚਿਹਰਾ ਉੱਤਰ ਗਿਆ, ਮੁੜ ਹੌਰਨ ਵਜਾਉਣ ਨੂੰ ਉਹਦਾ ਮਨ ਨਾ ਕੀਤਾ। “… ਹੁਣ ਕੀ ਕਰਾਂ? ਲਾਗੇ ਕੋਈ ਘਰ ਵੀ ਹੈ ਨੀ … ‘ਵਾਜ ਕੀਹਨੂੰ ਮਾਰਾਂ…” ਸਕਿੰਟਾਂ ਵਿੱਚ ਹੀ ਉਹਦੀ ਨਿਗ੍ਹਾ ਦੂਰ ਤੱਕ ਭਰਮਣ ਕਰਕੇ, ਮੁੜ ਮੁੱਖ ਗੇਟ ‘ਤੇ ਆ ਟਿਕੀ … ਤੇ ਕੰਨ ਫਿਰ ਕੋਠੀ ਅੰਦਰਲੀ ਹਰਕਤ ਨੂੰ ਸੁਣਨ ਲਈ ਚੌਕਸ ਹੋ ਗਏ। “ਅੱਜ ਬੁਰੇ ਫਸੇ ਬਈ” ਬਿੱਲੂ ਖ਼ੁਦ ਜਾਲ ‘ਚ ਫਸੇ ਪੰਛੀ ਵਾਂਗ ‘ਫੜਫੜਾ’ ਰਿਹਾ ਸੀ।
ਉਂਝ, ਬਿੱਲੂ ਆਪਣੀਆਂ ਪੱਕੀਆਂ ਵਾਨ੍ਹਾਂ ਦੀ ਵੀ ਬਹੁਤੀ ਪਰਵਾਹ ਨਹੀਂ ਸੀ ਕਰਦਾ, ਉਹਦੇ ਆਉਣ ਦੇ ਟੈਮ ਨਾਲ ਲੋਕੀਂ ਆਪੋ-ਆਪਣੇ ਡੋਲੂ ਸਗ਼ਲੇ ਚੁੱਕੀ ਖੜ੍ਹੇ ਹੁੰਦੇ… ਗਲੀਆਂ ‘ਚ ਵੜਦਿਆਂ ਸਾਰ ਹੀ… ਉਹ ਪੌਂ ਪੌਂ ਵਜਾਉਣੀ ਸ਼ੁਰੂ ਕਰ ਦਿੰਦਾ… ਜਿਹੜਾ ਆ ਗਿਆ… ਠੀਕ, … ਜਿਹੜਾ ਰਹਿ ਗਿਆ ਸੋ ਰਹਿ ਗਿਆ। ਪਰ ਸਿਕੰਦਰ ਦੇ ਡੇਰੇ ਦੁੱਧ ਪਾਉਣ ਆਇਆ ਉਹ ਕਈ ਵਾਰੀ ਕਿੰਨਾ ਕਿੰਨਾ ਚਿਰ ਸਿਕੰਦਰ ਦੀਆਂ ਗੱਲਾਂ ਸੁਣਦਾ ਰਹਿੰਦਾ… ਜਿਹੜੀਆਂ ਬਿੱਲੂ ਦੇ ਭਾਣੇ ਐਵੇਂ ਬੇਮਤਲਬ ਜਿਹੀਆਂ ਹੁੰਦੀਆਂ… ਪਰ ਫਿਰ ਵੀ ਉਹ ਸੁਣਦਾ ਸੀ। ਅਸਲ ਵਿੱਚ ਸਿਕੰਦਰ ਨਾਲ ਇਨ੍ਹਾਂ ਗੱਲਾਂ ਬਾਤਾਂ ਜ਼ਰੀਏ ਉਸ ਚੰਗਾ ਵਿਹਾਰ ਬਣਾ ਲਿਆ ਸੀ। ਜਦੋਂ ਕਿਤੇ ਖੜ੍ਹੇ ਪੈਰ ਵੀਹ ਪੰਜਾਹ ਹਜ਼ਾਰ ਦੀ ਲੋੜ ਹੁੰਦੀ ਤਾਂ ਬਿੱਲੂ ਸਿਕੰਦਰ ਦੇ ਦੁਆਰੇ ਆ ਖੜ੍ਹਦਾ ਸੀ। ਇਸ ਇਵਜ਼ ਵਿੱਚ, ਜਦੋਂ ਕਿਤੇ ਸਿਕੰਦਰ ਨੇ ਦਵਾਈ ਬੂਟੀ ਲੈਣ ਜਾਣਾ ਹੁੰਦਾ ਤਾਂ… ਉਹਦੀ ਕਾਰ ਦਾ ਡਰਾਈਵਰ ਬਿੱਲੂ ਹੁੰਦਾ ਸੀ, ਸ਼ਾਇਦ ਦੋਹਾਂ ਦੀ ਆਪੋ-ਆਪਣੀ ਗਰਜ਼ ਸੀ। ਇਸ ਗਰਜ਼ ਨੇ ਦੋਹਾਂ ਵਿੱਚ ਇੱਕ ਰਿਸ਼ਤਾ ਸਿਰਜ ਦਿੱਤਾ ਸੀ। ਇਸ ਰਿਸ਼ਤੇ ਨਾਤੇ ਹੀ ਬਿੱਲੂ ਅੱਜ ਉਹਦੇ ਦਰ ਅੱਗੇ ਆਵਾਜ਼ਾਰ ਹੋਇਆ ਖੜ੍ਹਾ ਸੀ।
ਚਿੰਤਾ, ਡਰ ਤੇ ਫ਼ਰਜ਼ ਬਿੱਲੂ ਦੇ ਮਨ ‘ਚ ਗੁਥਮ ਗੁੱਥਾ ਹੋ ਰਹੇ ਸਨ। ਵਾਨ੍ਹਾਂ ਭੁਗਤਾਉਣ ਦੀ ਕਾਹਲ ਉਹਨੂੰ ਅਵਾਜ਼ਾਰ ਕਰ ਰਹੀ ਸੀ… ”ਪਰ ਇਉਂ… ਛੱਡ ਕੇ ਵੀ ਨਹੀਂ ਜਾ ਸਕਦਾ” ਉਹਦਾ ਮਨ ਡਾਹਢਾ ਪ੍ਰੇਸ਼ਾਨ ਹੋ ਗਿਆ… ”ਇੱਕ ਤਾਂ ਭੈਣ… … ਲੋਕ… ਪਹਿਲਾਂ ਸਾਰਾ ਟੱਬਰ ਬਾਹਰ ਘੱਲ ਦੇਣਗੇ… ਫੇਰ… ਇੱਥੇ ‘ਕੱਲੇ ਅੜਿੰਗਦੇ ਆ…” ਖਿਝੇ ਹੋਏ ਬਿੱਲੂ ਦੇ ਮੂੰਹੋਂ ਗਾਲ੍ਹ ਵੀ ਨਿਕਲ ਗਈ।
ਪਿੰਡ ਦੇ ਬਾਹਰ-ਬਾਹਰ, ਸਿਕੰਦਰ ਸਿੰਘ ਸੰਧੂ ਉਰਫ਼ ਸਿਕੰਦਰ ਵਲੈਤੀਏ ਦੀ ਕੋਠੀ ਬਿਲਕੁਲ ‘ਇਕੱਲੀ’ ਸੀ… ਆਲੇ- ਦੁਆਲੇ ਹੋਰ ਕੋਈ ਘਰ ਨਹੀਂ ਸੀ… ਖੇਤ ਹੀ ਖੇਤ ਸਨ। ਪਿੰਡ ਦੀ ਵਸੋਂ ਜਿੱਥੇ ਮੁੱਕਦੀ ਸੀ, ਉੱਥੋਂ ਦੇ ਕੱਚੇ ਰਾਹ ਪੈਲੀਆਂ ਨੂੰ ‘ਪਾਟਦੇ’ ਸਨ; ਇੱਕ ਰਾਹ ਤਿਰਛਾ ਜਿਹਾ ਹੋ ਕੇ ਸਿਵਿਆਂ ਵੱਲ ਚਲਿਆ ਜਾਂਦਾ ਸੀ ਤੇ ਦੂਜਾ ਸਿਕੰਦਰ ਵਲੈਤੀਏ ਦੀ ਕੋਠੀ ਵੱਲ…। ਕੋਠੀ ਕਾਹਦੀ ਪੂਰਾ ਡੇਰਾ ਹੀ ਸੀ, ਵਾਹਵਾ ਕਿੱਲਾ ਸਾਰਾ ਵਗਲ ਕੇ… ਸਿਕੰਦਰ ਨੇ ਵਲਗਣ ਦੇ ਅੰਦਰ ਹੀ… ਪਸ਼ੂ ਡੰਗਰਾਂ ਲਈ ਸ਼ੈੱਡ ਪਾਈ ਹੋਈ ਸੀ ਤੇ… ਖੇਤੀ ਸੰਦਾਂ ਅਤੇ ਹੋਰ ਮਸ਼ੀਨਰੀ ਲਈ ਵੱਖਰੀ ਸ਼ੈੱਡ ਸੀ ਪਰ ਫਿਰ ਵੀ ਵਲਗਣ ‘ਚ ਵਿਹੜਾ ਵਾਹਵਾ ਖੁੱਲ੍ਹਾ ਸੀ… ਜੀਹਦੇ ‘ਚ… ਹਾਈਬਰੈੱਡ… ਕਿਸਮਾਂ ਦੇ ਮੱਧਰੇ ਮੱਧਰੇ ਜਿਹੇ ਫ਼ਲਦਾਰ ਬੂਟੇ ਤੇ ਫੁੱਲਾਂ ਦੀਆਂ ਕਿਆਰੀਆਂ ਸਨ। ਇਨ੍ਹਾਂ ਦੀ ਦੇਖਭਾਲ ਸਿਕੰਦਰ ਆਪ ਸ਼ੌਕ ਨਾਲ ਕਰਦਾ ਸੀ। ਪਰ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਸਾਰੀ ਕੋਠੀ ਤੇ ਵਲਗਣ ਨੂੰ ਅੰਦਰੋਂ-ਬਾਹਰੋਂ… ਇੱਕੋ ਜਿਹਾ ਸਫ਼ੈਦ ਰੰਗ ਕੀਤਾ ਹੋਇਆ ਸੀ। ਇਸੇ ਕਰਕੇ ਦੂਰੋਂ ਦੇਖਣ ‘ਤੇ ਕੋਠੀ ਕੋਈ ਧਾਰਮਿਕ ਡੇਰਾ ਲੱਗਦੀ ਸੀ। …ਪਰ ਸਿਕੰਦਰ ਆਪਣੀ ਕੋਠੀ ਨੂੰ ‘ਵਾਈਟ ਹਾਊਸ’ ਕਹਿੰਦਾ ਸੀ… ਖ਼ੈਰ, ਇਹ ਨਾਂਅ ਲੋਕਾਂ ਦੇ ਮੂੰਹ ਨਹੀਂ ਸੀ ਚੜ੍ਹਿਆ।
ਸਿਕੰਦਰ ਦੇ ਡੇਰੇ ਤੇ ਸਿਵਿਆਂ ਦੇ ਵਿਚਕਾਰ ਕਰਕੇ ਇੱਕ ਦਰੱਖਤਾਂ ਦੀ ਸੰਘਣੀ ਝਿੜੀ ਸੀ… ਜੀਹਨੂੰ ਲੋਕ ਵਣਾ ਪੀਰ ਕਹਿੰਦੇ ਸੀ… ਸੁੰਨੀ ਝਿੜੀ ਤੇ ਸਿਵਿਆਂ ਕਰਕੇ ਵੈਸੇ ਵੀ ਲੋਕ ਇੱਧਰ ਘੱਟ ਆਉਂਦੇ ਸਨ …ਪਰ ਤਿੰਨ ਕਿੱਲੋ ਦੁੱਧ ਦੀ ਪੱਕੀ ਵਾਨ੍ਹ ਹੋਣ ਕਰਕੇ ਬਿੱਲੂ ਇੱਥੇ ਰੋਜ਼ਾਨਾ ਆਉਂਦਾ ਸੀ। ਜਦੋਂ ਦਾ ਸਿਕੰਦਰ ਬਿਮਾਰ ਰਹਿਣ ਲੱਗਿਆ ਸੀ… ਪੈਸੇ ਉਹ ‘ਅੰਨ੍ਹੇਵਾਹ’ ਖਰਚਦਾ ਸੀ ਜਿਵੇਂ ਕਿਤੇ ਸੋਚਦਾ ਹੋਵੇ ‘ਕੀ ਕਰਨੇ ਹੁਣ ਰੱਖ ਕੇ’। ਪੈਸੇ ਦੀ ਉਹਨੂੰ ਕਮੀ ਵੀ ਕੋਈ ਨਹੀਂ ਸੀ। ਫਿਰ ਵੀ ਪਤਾ ਨਹੀਂ ਕਿਉਂ ਤੇ ਕਿਸ ‘ਰਮਜ਼’ ਵਿੱਚ, ਉਹਨੇ ਬਿੱਲੂ ਨੂੰ ਫਿਰਨੀ ਕੋਲ ਥਾਂ ਦੇਣਾ ਮੰਨਿਆ ਹੋਇਆ ਸੀ।
ਸ਼ਹਿਰ ਦਾ ਨੇੜ ਹੋਣ ਕਰਕੇ, ਅੱਵਲ ਤਾਂ ਪਿੰਡ ‘ਚ ਜਗ੍ਹਾ ਮਿਲਦੀ ਨਹੀਂ ਸੀ… ਜੇ ਮਿਲਦੀ ਤਾਂ ਮਹਿੰਗੀ ਬਹੁਤ ਸੀ। ਬਿੱਲੂ ਦੋ ਚਾਰ ਮੱਝਾਂ ਰੱਖ ਕੇ ਆਪਣਾ ਦੁੱਧ ਦਾ ਕੰਮ ਵਧਾਉਣਾ ਚਾਹੁੰਦਾ ਸੀ ਪਰ ਜੇ ਕਿਤੇ ਚੱਜਦੀ ਤੇ ਸਸਤੀ ਥਾਂ ਮਿਲ ਜਾਵੇ ਤਾਂ…, ਇਹ ਆਸ ਉਹਨੂੰ ਵਲੈਤੀਏ ਨੇ ਬੰਨ੍ਹਾਈ ਸੀ…। ਇਸ ਕਰਕੇ ਵੀ ਬਿੱਲੂ ਉਹਦਾ ‘ਅੱਗਾ ਤੱਗਾ’ ਕਰਦਾ ਸੀ… ਪਰ ਅਜੇ ਤਾਈਂ ਗੱਲ ਕਿਸੇ ਕੰਢੇ ਵੱਟੇ ਨਹੀਂ ਸੀ ਲੱਗੀ… ਹੁਣ ਬਿੱਲੂ ਦੀ ਜੁਅਰੱਤ ਨਹੀਂ ਸੀ ਪੈਂਦੀ ਬਈ ਬਿਮਾਰ ਸਿਕੰਦਰ ਨੂੰ ਉਹ ਥਾਂ ਬਾਰੇ ਕਹੇ… ਪਰ ਅੱਜੀਂ-ਪੱਜੀਂ… ਉਹ ਸਿਕੰਦਰ ਕੋਲ ਸਮਾਂ ਜ਼ਰੂਰ ਗੁਜ਼ਾਰਦਾ ਸੀ। ਬਈ ਕਿਤੇ ਵਲੈਤੀਏ ਦੇ ਮਨ ਮਿਹਰ ਪੈ ਜਾਵੇ।
ਉਂਝ ਬਿੱਲੂ ਨੂੰ ਕਈ ਵੱਡੀ ਉਮਰ ਦੇ ਬੰਦਿਆਂ ਨੇ ਦੱਸਿਆ ਸੀ ਬਈ ”ਇਹਦੇ ਮਨ ਮਿਹਰ ਨੀ ਪੈਣੀ… ਅੰਦਰੋਂ ਬੜਾ ਖੋਰੀ ਬੰਦਾ ਆ… ਕਿਸੇ ‘ਤੇ ਇਤਬਾਰ ਨਹੀਂ ਕਰਦਾ। ਇਹ ਤਾਂ ਛੇਤੀ ਕੀਤਿਆਂ ਯਾਰਾਂ ਮਿੱਤਰਾਂ ਨੂੰ ਵੀ ਘਰ ਨੀ ਵਾੜਦਾ… ਬਾਹਰੋਂ-ਬਾਹਰ ਯਾਰੀਆਂ ਭੁਗਤਾਉਂਦਾ…।”
ਪਰ ਬਿੱਲੂ ਨੂੰ ਸਿਕੰਦਰ ਏਦਾਂ ਦਾ ਨਹੀਂ ਸੀ ਲੱਗਿਆ… ਤਾਈ ਚਰਨੀ ਨੇ ਸਾਰੀ ਉਮਰ ਸਿਕੰਦਰ ਦੀ ਰਸੋਈ ਦਾ ਕੰਮ ਕੀਤਾ ਸੀ… ਹੁਣ ਵੀ ਬੁੱਢੇ ਹੱਡਾਂ ਨਾਲ ਉਹੀ ਰੋਟੀ ਟੁੱਕ ਕਰਦੀ ਸੀ। ਸਾਰਾ ਘਰ ਤਾਂ ਤਾਈ ਚਰਨੀ ਦੇ ਗੋਚਰੇ ਹੁੰਦਾ ਸੀ… ਭਲਾ ਇਤਬਾਰ ਕਿਉਂ ਨਹੀਂ ਸੀ ਕਰਦਾ ਸਿਕੰਦਰ! ਫਿਰ ਤਾਈ ਚਰਨੀ ਦਾ ਮੁੰਡਾ ਬੀਰਾ ਤੇ ਮੰਗਾ ਮਲੰਗ… ਸਾਰੀ ਦਿਹਾੜੀ ਇੱਥੇ ਹੀ ਬੈਠੇ ਰਹਿੰਦੇ ਸਨ… ਮੰਗੇ ਹੋਰਾਂ ਵਰਗੇ ਹੋਰ ਵੀ ਕਈ ਖਾਣ ਪੀਣ ਵਾਲੇ ਗੇੜਾ ਰੱਖਦੇ ਸੀ। ਅਸਲ ਵਿੱਚ ਤਿੰਨ ਕਿਲੋ ਦੁੱਧ ਇਨ੍ਹਾਂ ਦੇ ਹੀ ਨੇਕਯੋਗ ਲੱਗਦਾ ਸੀ। ਮੰਗਾ ਤੇ ਬੀਰਾ ਦੋਏ ਪੱਕੇ ਨਸ਼ਈ ਸਨ… ਦਿਨੇ ਮਾੜਾ ਮੋਟਾ ਠੀਆ ਠੱਪਾ ਜਿਹਾ ਕਰਕੇ ਉਹ ਆਥਣ ਨੂੰ ਵਲੈਤੀਏ ਦੇ ‘ਸਿਰ’ ਹੋ ਜਾਂਦੇ। ਸਿਕੰਦਰ ਉਨ੍ਹਾਂ ਦੀ ਨਸ਼ੇ ਦੀ ਲੋੜ ਪੂਰੀ ਕਰਦਾ ਸੀ ਤਾਂ ਕਿ ਉਹ ਸਿਕੰਦਰ ਦੇ ਕੋਲ ਰਹਿਣ। ਸਿਕੰਦਰ ਲਈ ਇਹ ਫਿਰ ਵੀ ਮਹਿੰਗੇ ਨਹੀਂ ਸਨ। ਉਹਦੀ ਦਿਨ ਭਰ ਦੀ ਇਕੱਲਤਾ ਦੂਰ ਹੋ ਜਾਂਦੀ ਸੀ ਪਰ ‘ਪਹਾੜ’ ਵਰਗੀ ਰਾਤ ਗੁਜ਼ਾਰਨੀ ਬੜੀ ਮੁਸ਼ਕਿਲ ਸੀ। ਬੀਬੀ ਚਰਨੀ ਵੀ ਰੋਟੀ ਟੁੱਕ ਕਰਕੇ ਆਪਣੇ ਘਰ ਚਲੀ ਜਾਂਦੀ ਸੀ। ਇਸ ਸੰਸੇ ‘ਚੋਂ ਸਿਕੰਦਰ ਅਮਲੀਆਂ ਨੂੰ ਖ਼ੁਸ਼ ਰੱਖਦਾ ਸੀ ਤੇ ਬਿੱਲੂ ਤੋਂ ਉਹਨੂੰ ਹੋਰ ਤਰ੍ਹਾਂ ਦੀ ਗਰਜ ਸੀ, ਖ਼ੈਰ! ਸਭ ਦੀ ਆਪਣੀ-ਆਪਣੀ ਗਰਜ਼ ਸੀ। ਗਰਜ਼ ਦਾ ਮਾਰਿਆ ਬਿੱਲੂ ਸਿਕੰਦਰ ਦੀਆਂ ਬੇਮਤਲਬ ਗੱਲਾਂ ਵੀ ਸੁਣਦਾ ਸੀ। ਪਰ ਅੱਜ ਕੋਠੀ ਦੇ ਗੇਟ ਅੱਗੇ ਪ੍ਰੇਸ਼ਾਨ ਖੜ੍ਹਾ ਬਿੱਲੂ ਉਹਦੀਆਂ ਬੇਮਤਲਬ ਗੱਲਾਂ ਦੇ ਮਤਲਬ ਕੱਢ ਰਿਹਾ ਸੀ।
”ਬਿੱਲਿਆ, ਲੋਕਾਂ ਨੇ ਤਾਂ ਦਰਿਆਵਾਂ ਦੇ ਪੱਤਣ ਤਰੇ ਆ, ਅਸੀਂ ਤਾਂ ਡੂੰਘੇ ਸਮੁੰਦਰਾਂ ‘ਚ ਤਾਰੀਆਂ ਲਾਈਆਂ ਹੋਈਆਂ…।” ਵਜਦ ਵਿੱਚ ਆਇਆ ਸਿਕੰਦਰ ਇੰਝ ਹੀ ਆਪਣੇ ਬੀਤੇ ਦੀਆਂ ਗੱਲਾਂ ਸੁਣਾਇਆ ਕਰਦਾ ਸੀ “ਐਵੇਂ ਨੀ ਲੋਕ ਮੈਨੂੰ ਮੁਕੱਦਰ ਕਾ ਸਕੰਦਰ ਕਹਿੰਦੇ।”
ਪਰ ਬਿੱਲੂ ਨੇ ਨਾ ਸਮੁੰਦਰ ਦੇਖਿਆ ਸੀ ਨਾ ਦਰਿਆਵਾਂ ਦੇ ਪੱਤਣ ਦੇਖੇ ਸੀ… ਉਹ ਹੈਰਾਨੀ ਨਾਲ ਸਿਕੰਦਰ ਦੇ ਮੂੰਹ ਵੱਲ ਦੇਖਦਾ… ”ਅੱਛਾ ਤਾਇਆ!”
”ਓਏ ਝੁਡੂਆ ਸਮੁੰਦਰ ਬਹੁਤ ਵੱਡਾ ਹੁੰਦਾ।”
”ਓਏ ਆਹੋ… ਤਾਇਆ… ਦੇਖਿਆ ਮੈਂ… ਫਿਲਮਾਂ ‘ਚ…” ਝੁਡੂ ਕਹਿਣ ‘ਤੇ ਬਿੱਲੂ ਖਿੱਝ ਗਿਆ ਸੀ।
ਸਿਕੰਦਰ ਤਾਂ ਬਹੁਤ ਵਿਸਥਾਰ ਵਿਚ ਫਿਲਮ ਦੇ ਸੀਨ ਵਾਂਗ ਲੰਮੀ ਕਰਕੇ ਗੱਲ ਸੁਣਾਉਂਦਾ ਹੁੰਦਾ ਸੀ ਪਰ ਬਿੱਲੂ ਦੇ ਪੱਲੇ ਏਨੀ ਕੁ ਗੱਲ ਪਈ ਸੀ… ਬਈ ਜਦੋਂ ਤਾਇਆ ਸਿਕੰਦਰ ਸਿੰਹੁ… ਵਲੈਤ ‘ਚ ਹੁੰਦਾ ਸੀ… ਉਹ ਮੋਟਰ ਵਾਲੀ ਕਿਸ਼ਤੀ ‘ਚੋਂ ਛਾਲ ਮਾਰ ਕੇ ਸਮੁੰਦਰ ਵਿੱਚ ਕੁੱਦ ਪਿਆ ਸੀ… ਤੇ ਫਿਰ ਤੈਰ ਕੇ… ਬਾਹਰ ਨਿਕਲ ਆਇਆ ਸੀ… ‘ਜਿਉਂਦਾ’!
ਸਿਕੰਦਰ ਦੀ ਜ਼ਿੰਦਗੀ ਦਾ ਇਹ ਸਭ ਤੋਂ ‘ਬਹਾਦਰੀ’ ਭਰਿਆ ਕਿੱਸਾ ਸੀ… ਜੀਹਨੂੰ ਸੁਣਾਉਂਦਿਆਂ ਸਿਕੰਦਰ ਪੂਰਾ ਕਥਾ ਰਸ ਘੋਲ ਦਿੰਦਾ ਸੀ।
ਚੜ੍ਹਦੀ ਉਮਰੇ ਹੀ ਸਿਕੰਦਰ ਇੰਗਲੈਂਡ ਜਾ ਵੜਿਆ ਸੀ ਤਿੰਨ ਚਾਰ ਸਾਲ… ਉਸ ਬੜੇ ਸਖ਼ਤ ਕੰਮ ਕੀਤੇ… ਪਰ ਮਨੋ ਇੱਛਤ ਪੈਸੇ ਬਣਾਉਣ ਵਾਲਾ ਕੰਮ ਉਹਨੂੰ ਨਾ ਲੱਭਾ… ਜਦੋਂ ਉਹਨੂੰ ਆਲੇ-ਦੁਆਲੇ ਦਾ ਚੰਗਾ ਭੇਤ ਪੈ ਗਿਆ… ਤਾਂ ਉਸ ਜੁਗਤਾਂ ਲੜਾਉਣੀਆਂ ਸ਼ੁਰੂ ਕਰ ਦਿੱਤੀਆਂ। ‘ਛੋਟੇ ਛੋਟੇ’ ਪੁੱਠੇ ਸਿੱਧੇ ਕੰਮ ਕਰਦਿਆਂ… ਉਹਦੇ ਸਬੰਧ ਉੱਥੋਂ ਦੇ ਅਜਿਹੇ ਸਮੱਗਲਰਾਂ ਨਾਲ ਬਣ ਗਏ ਸਨ ਜਿਹੜੇ ਨਸ਼ੇ ਅਤੇ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਸੀ। ਕਿਸ਼ਤੀ ਵਾਲਾ ਵਾਕਿਆ ਉਦੋਂ ਪੇਸ਼ ਆਇਆ, ਜਦੋਂ ਸਮੁੰਦਰ ਵਿੱਚ ਹੀ ਉਹ ਕਿਸੇ ਹੋਰ ਗਿਰੋਹ ਨੂੰ ‘ਮਾਲ’ ਦੇ ਕੇ ਵਾਪਸ ਆ ਰਹੇ ਸੀ… ਪਿੱਛਾ ਕਰਦੀ ਪੁਲੀਸ ਦੀ ਕਿਸ਼ਤੀ ਉਨ੍ਹਾਂ ਵੱਲ ‘ਚੜ੍ਹੀ’ ਆਉਂਦੀ ਸੀ… ਗੋਰੇ ਸਮੱਗਲਰਾਂ ਨੇ… ਸਮੁੰਦਰ ਵਿੱਚ ਛਾਲਾਂ ਮਾਰ ਦਿੱਤੀਆਂ ਸੀ… ”ਓਹ ਹੋ ਹੋ… ਤੂੰ ਯਕੀਨ ਕਰੀਂ ਬਿੱਲਿਆ… ਰੇਤ ਦੇ ਟਿੱਬਿਆਂ ਜਿੱਡੀਆਂ ਜਿੱਡੀਆਂ ਲੱਫਾਂ ਮਾਰਦਾ ਸੀ ਸਮੁੰਦਰ, … ਪੁਲੀਸ ਦੀ ਕਿਸ਼ਤੀ ਸਾਡੇ ਵੱਲ ‘ਨੇਰ੍ਹੀ ਵਾਂਗ ਚੜ੍ਹੀ ਆਏ … ‘ਜੇ ਕਿਤੇ ਇੰਡੀਆ ਦੀ ਪੁਲੀਸ ਹੁੰਦੀ ਤਾਂ ਉਨ੍ਹਾਂ ਸਿੱਧੀਆਂ ਗੋਲੀਆਂ ਮਾਰਨੀਆਂ ਸੀ… ਓਹ ਹੋ ਹੋ…” ਗੱਲ ਸੁਣਾਉਂਦਾ ਸੁਣਾਉਂਦਾ ਸਿਕੰਦਰ… ਸ਼ਾਇਦ ਉਸ… ਵਕਤ ‘ਚ ਪਿਛਾਂਹ ਪਹੁੰਚ ਜਾਂਦਾ…!
ਕੰਢੇ ਦੇ ਨੇੜੇ ਪਹੁੰਚ ਕੇ ਸਿਕੰਦਰ ਨੇ ਵੀ ਰੁਪੱਈਆਂ ਵਾਲੇ ਅਟੈਚੀ ਸਣੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ… ਮੁੜ ਨਾ ਉਹ ਗੋਰੇ ਸਮੱਗਲਰਾਂ ਦੇ ਅੜਿੱਕੇ ਆਇਆ ਨਾ ਪੁਲੀਸ ਦੇ… ਕਿਸੇ ਤਰ੍ਹਾਂ ਬਚ ਬਚਾ ਕੇ ਉਹ ਦੇਸ਼ ਪਰਤ ਆਇਆ ਸੀ। ਬਿੱਲੂ, ਸਿਕੰਦਰ ਦੀ ਦੱਸੀ ਗੱਲ ਦੀ ਤੁਲਨਾ ਫਿਲਮਾਂ ਵਿੱਚ ਦੇਖੇ ਅਜਿਹੇ ਵਾਕਿਆਂ ਨਾਲ ਕਰਦਾ। ”ਹੋ ਸਕਦਾ… ਏਦਾਂ ਹੋਇਆ ਹੋਵੇ… ਓਦਾਂ ਤਾਇਆ ਸਿਕੰਦਰ ਹੈ ਵੀ ਫਿਲਮਾਂ ਵਾਲੇ ਗੰਜੇ ਸੇਠੀ ਵਰਗਾ ਆ।”
ਸਿਕੰਦਰ ਭਾਵੇਂ ਜਿਵੇਂ ਮਰਜ਼ੀ ਗੱਲ ਬਣਾ ਕੇ ਸੁਣਾਉਂਦਾ ਸੀ ਪਰ ਇਹ ਸੱਚ ਸੀ ਕਿ ਵਲੈਤ ਵਿੱਚ ਉਹਦੇ ਹੱਥ ਕੋਈ ਵੱਡਾ ਖ਼ਜ਼ਾਨਾ ਲੱਗਿਆ ਸੀ। ਇਹ ਰੁਪੱਈਏ ਉਸ ਕਿਸੇ ਕੋਲੋਂ ਠੱਗੇ ਸੀ ਜਾਂ ਚੋਰੀ ਕੀਤੇ ਸਨ, ਇਹ ਤਾਂ ਅਭੇਤੀ ਗੱਲ ਸੀ ਪਰ ਲੱਭੇ ਖ਼ਜ਼ਾਨੇ ਦਾ ਪ੍ਰਮਾਣ ਇਹ ਚੌਦਾਂ ਕਿੱਲੇ ਪੈਲੀ ਸੀ ਜਿਹੜੀ ਉਸ ਬਿੱਲੂ ਕੇ ਪਿੰਡ ਆਣ ਖਰੀਦੀ ਸੀ।
ਪੈਂਤੀ-ਚਾਲੀ ਵਰ੍ਹੇ ਪਹਿਲਾਂ… ਸਿਕੰਦਰ ਨੇ ਜਦੋਂ ਇਹ ਮਿਲਖਾ ਸਿਹੁੰ ਵਾਲੀ ਜ਼ਮੀਨ ਖਰੀਦੀ ਸੀ ਤਾਂ ਲੋਕ ਦੰਗ ਰਹਿ ਗਏ ਸੀ। ”ਏਨੇ ਪੈਸੇ! ਸਣੇ ਖੂਹ ਰੈਣ੍ਹੇ, ਸਾਰੀ ਜ਼ਮੀਨ ਖਰੀਦ ਲਈ!” ਪਿੰਡ ਵਿੱਚ ਕਈ ਘਰਾਂ ਕੋਲ ਚੰਗੀਆਂ ਜ਼ਮੀਨਾਂ ਸੀ… ਉਨ੍ਹਾਂ ਦੇ ਜੀਅ ਵੀ ‘ਬਾਹਰ’ ਸੀਗੇ… ਪਰ ਕਿਸੇ ਨੇ ਏਨੀ ਜ਼ਮੀਨ ਕੱਠੀ ਨਹੀਂ ਸੀ ਖਰੀਦੀ।
ਪਿੰਡ ਦੇ ਲੋਕਾਂ ਨੂੰ ਏਦੂੰ ਵੀ ਵੱਡੀ ਪ੍ਰੇਸ਼ਾਨੀ ਤਾਂ ਇਹ ਸੀ… ਬਈ ਸਿਕੰਦਰ ਬੇਗਾਨੇ ਪਿੰਡ ਦਾ ਸੀ… ”ਇਹ ਐਡਾ ਲਾਟੀਆਂ ਕਿੱਥੋਂ ਜੰਮ ਪਿਆ ਬਈ… ਪਹਿਲਾਂ ਤਾਂ ਕਦੀ ਇਹਦਾ ਨਾਂ ਥੇਹ ਨੀ ਸੁਣਿਆ…।”
ਪਹਿਲਾਂ-ਪਹਿਲਾਂ ਹੂਲਾ ਉੱਡਿਆ ਸੀ ਬਈ ਸਿਕੰਦਰ ਦਾ ਮਾਮਾ ਕੋਈ ਵੱਡਾ ਪੁਲੀਸ ਅਫ਼ਸਰ ਆ… ਪਿੱਛੋਂ ‘ਤਕੜਾ’ ਪਰਿਵਾਰ ਆ…। ਬਾਅਦ ਵਿੱਚ ਹੌਲੀ ਹੌਲੀ ਭੇਤ ਖੁੱਲ੍ਹਿਆ ਬਈ ਇਹ ਹੂਲਾ ਸਿਕੰਦਰ ਨੇ ਆਪੇ ਉਡਾਇਆ ਸੀ। ਅਸਲ ਵਿੱਚ ਮਿਲਖਾ ਸਿਹੁੰ ਵੀ ਆਪਣੇ ਵੇਲੇ ਦਾ ਮੰਨਿਆ ਹੋਇਆ ਵੈਲੀ ਸੀ, ਅੱਗੋਂ ਉਹਦੇ ਮੁੰਡੇ ਵੀ ਇਹੋ ਜਿਹੇ ਹੀ ਸੀ… ਸ਼ਰੀਕਾਂ ਨਾਲ ਲੜਾਈਆਂ ਝਗੜਿਆਂ ‘ਚ ਅੱਧਿਓਂ ਵੱਧ ਪੈਲ਼ੀ ਗਹਿਣੇ ਪੈ ਚੁੱਕੀ ਸੀ। ਬੁੱਢਾ ਮਿਲਖਾ ਸੋਚਦਾ ਸੀ, “ਇੱਥੋਂ ਵੇਚ ਕੇ ਕਿਤੇ ਯੂ.ਪੀ. ਵੱਲ… ਚਾਰ ਸਿਆੜ ਖਰੀਦ ਲਾਂਗੇ।” ਪਰ ਸਿਕੰਦਰ ਨੂੰ ਲੱਗਦਾ ਸੀ… ”ਇਹੋ ਜਿਹੇ ਵੈਲੀ ਬੰਦਿਆਂ ਦਾ ਕੀ ਇਤਬਾਰ ਆ…” ਇਸ ਲਈ ਉਹਨੇ ਮਿਲਖੇ ਕਿਆਂ ਨੂੰ ਡਰਾਉਣ ਲਈ ਹੂਲੇ ਉਡਾਏ ਸੀ।
ਉਂਝ ਸਿਕੰਦਰ ਦੀਆਂ ਆਦਤਾਂ ਤੇ ਸੁਭਾਅ ਵੀ ਅਜੀਬ ਸੀ। ਛੇਤੀ ਕੀਤਿਆਂ ਕੋਈ ਉਹਦੇ ਬਾਰੇ ਰਾਇ ਨਹੀਂ ਸੀ ਬਣਾ ਸਕਦਾ ਬਈ ਇਹ ਬੰਦਾ ਹੈ ਕੀ? ਸਿਰੋਂ ਘੋਨ ਮੋਨ ਤੇ ਮੁੱਛਾਂ ਦਾੜ੍ਹੀ ਸਫਾ ਚੱਟ, ਸ਼ਰਾਬ ਪੀਣ ਦਾ ਆਦੀ ਤਾਂ ਉਹ ਹੈ ਸੀ, ਸਿਗਰਟਾਂ ਤਾਂ ਉਹ ਸ਼ਰੇਆਮ ਪੀਂਦਾ ਸੀ। ਉਹਦੇ ਖੇਤਾਂ ਵਿੱਚ ਜਿਹੜੀ ਝਿੜੀ ਸੀ ਲੋਕ ਤਾਂ ਉਹਦੇ ਨੇੜੇ ਜਾਣ ਤੋਂ ਵੀ ਡਰਦੇ ਸੀ ਪਰ ਸਿਕੰਦਰ ਨੇ ਉਹ ਸਾਰੀ ਪੁੱਟ ਸੁੱਟੀ ਸੀ ”ਇੱਥੇ ਕੀ ਆ…? ਐਵੇਂ ਜਾਹਲ ਲੋਕਾਂ ਦੇ ਭਰਮ ਆ।”
ਸਿਵਿਆਂ ਤੇ ਝਿੜੀ ਦੇ ਕੋਲ ਆਪਦੇ ਖੇਤਾਂ ‘ਚ ਹਨੇਰੇ ਸਵੇਰੇ ਜਦੋਂ ਉਹ ‘ਕੱਲਾ ਹੀ ਟਹਿਲਦਾ ਫਿਰਦਾ ਤਾਂ… ਲੋਕਾਂ ਨੂੰ ਜਿੰਨ ਹੀ ਲੱਗਦਾ। ਰੋਹਬਦਾਰ ਤੋਂ ਨਿਡਰ ਬੰਦੇ ਵਾਲਾ… ਉਹਦਾ ਤਹਿੱਕਾ ਬਣ ਗਿਆ ਸੀ। ਤਾਹੀਂਓ ਛੇਤੀ ਕੀਤਿਆਂ ਕੋਈ ਚੂੰ ਚਰਾਂ ਨਹੀਂ ਸੀ ਕਰਦਾ।
ਪਰ ਅਸਲ ਕਰਾਮਾਤ ਉਸ ਕੁਝ ਸਾਲਾਂ ਬਾਅਦ ਦਿਖਾਈ…। ਜਿਨ੍ਹਾਂ ਖੇਤਾਂ ‘ਚ ਮਿਲਖੇ ਦੇ ਮੁੰਡਿਆਂ ਕੋਲੋਂ ਸਾਰੀ ਉਮਰ ਘਾਹ ਨਹੀਂ ਸੀ ਮਰਿਆ… ਉਨ੍ਹਾਂ ਖੇਤਾਂ ‘ਚ ਸਿਕੰਦਰ ਨੇ ਸੋਨਾ ਉੱਗਣ ਲਾ ਦਿੱਤਾ… ਮੈਸੀਫਰਗੂਸ਼ਨ ਟਰੈਕਟਰ ਸਣੇ ਨਵੇਂ ਖੇਤੀ ਸੰਦ… ਉਹਦੇ ਖੇਤਾਂ ‘ਚ ਘੂਕਦੇ ਫਿਰਦੇ ਸੀ। ਆਧੁਨਿਕ ਵਿਗਿਆਨਕ ਖੇਤੀ ਵਰਗੇ ਲਫ਼ਜ਼ ਲੋਕਾਂ ਨੇ ਉਹਦੇ ਮੂੰਹੋਂ ਪਹਿਲੀ ਵਾਰ ਸੁਣੇ ਸਨ ਪਰ ਬਹੁਤੇ ਜ਼ਿਮੀਂਦਾਰ ਉਹਤੋਂ ਸੜਦੇ ਸਨ…। ਖ਼ੈਰ! ਸਿਕੰਦਰ ਨੇ ਰੀਝ ਨਾਲ ਖੇਤੀ ਕੀਤੀ ਤੇ ਆਪਣੇ ਨਿਆਣੇ ਵੀ ਚੰਗੇ ਪੜ੍ਹਾ ਲਏ ਸੀ… ਪਿੰਡ ‘ਚ ਉਹਦੀ ਪੂਰੀ ਠੁੱਕ ਸੀ… ਅਜਿਹੇ ਰੋਹਬਦਾਰ, ਸਰਦੇ ਬੰਦੇ ਦੇ ਨਿਆਣਿਆਂ ਨੂੰ ‘ਬਾਹਰਲੇ ਰਿਸ਼ਤੇ’ ਤਾਂ ਉੱਡ ਕੇ ਪੈਂਦੇ ਆ…। ਸਿਕੰਦਰ ਦਾ ਮੁੰਡਾ, ਇੰਗਲੈਂਡ ਅਤੇ ਦੋਨੋਂ ਕੁੜੀਆਂ ਕੈਨੇਡਾ ਵਿਆਹੀਆਂ ਗਈਆਂ ਸੀ। ਉਹਦੀ ‘ਠੁੱਕ’ ਪਹਿਲਾਂ ਨਾਲੋਂ ਵੀ ਵਧੇਰੇ ਸੀ। ਸਮਾਂ ਬੀਤਦਾ ਗਿਆ ਤੇ ਸਿਕੰਦਰ ਦੇ ਹੱਡ ਬੁੱਢੇ ਹੋ ਗਏ ਸਨ… ਇਸ ਬੁਢਾਪੇ ‘ਚ ਉਸ ਕੋਲ ਪੈਸਾ ਸੀ ਪਰ ਘਰ ਦਾ ਕੋਈ ਜੀਆ ਉਸ ਕੋਲ ਨਹੀਂ ਸੀ।
ਕੁਝ ਪਲਾਂ ‘ਚ ਹੀ ਬਿੱਟੂ ਦੀ ਬਿਰਤੀ ਸਿਕੰਦਰ ਦੀ ਬੀਤੀ ਜ਼ਿੰਦਗੀ ਦੀ ਪਿਛਲਝਾਤ ਦਾ ਭਰਮਣ ਕਰ ਕੇ ਮੁੜ ਆਈ… ਬਿੱਲੀ ਵਾਂਗ ਝੌਰ ਲਾਈ ਉਹ ਆਲੇ-ਦੁਆਲੇ ਨੂੰ ਘੋਖਵੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਗੇਟ ਵਾਲੇ ਪਾਸਿਓਂ… ਦੀਂਹਦੇ ਕੋਠੀ ਦੇ ਤਾਕੀਆਂ ਦਰਵਾਜ਼ਿਆਂ ਤੋਂ ਘੁੰਮਦੀ-ਘੁੰਮਦੀ ਉਹਦੀ ਨਿਗ੍ਹਾ ਸਭ ਤੋਂ ਉੱਪਰ ਹਵਾਈ ਜਹਾਜ਼ ਵਾਲੀ ਪਾਣੀ ਦੀ ਟੈਂਕੀ ‘ਤੇ ਜਾ ਟਿਕੀ। … ਸੀਮੈਂਟ ਦਾ ਬਣਿਆ ਜਹਾਜ਼, ਰੰਗ ਕਰਕੇ ਏਦਾਂ ਦਾ ਬਣਾਇਆ ਹੋਇਆ ਸੀ ਜਿਵੇਂ ਹੁਣੇ ਉੱਡਿਆ ਕਿ ਉੱਡਿਆ।
ਪਰ ਸਿਕੰਦਰ ਮੁੜ ਜਹਾਜ਼ੇ ਨਹੀਂ ਸੀ ਚੜ੍ਹ ਸਕਿਆ, ਪਤਾ ਨਹੀਂ ਅੰਬੈਸੀ ਵਾਲਿਆਂ ਨੇ ਉਹਦੇ ਪਾਸਪੋਰਟ ‘ਤੇ ਕਿਹੜੀ ਮੋਹਰ ਲਾ ਦਿੱਤੀ ਸੀ… ਸਿਕੰਦਰ ਉੱਧਰ ਜਾ ਨਹੀਂ ਸੀ ਸਕਦਾ ਤੇ ਨੂੰਹ ਪੁੱਤ ਇੱਧਰ ਆ ਕੇ ਰਾਜ਼ੀ ਨਹੀਂ ਸੀ। ਦੋਹਾਂ ਕੁੜੀਆਂ ਦੀ ਆਪੋ-ਆਪਣੇ ਸਹੁਰਿਆਂ ਦੀ ਕਬੀਲਦਾਰੀ ਸੀ… ਨੂੰਹ ਪੁੱਤ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਮਾਂ ਨੂੰ ਕੋਲ ਬੁਲਾ ਲਿਆ ਸੀ ਤੇ ਇੱਧਰ ਇਕੱਲੇ ਸਿਕੰਦਰ ਲਈ ਸਭ ਕੁਝ ਬੇਮਾਅਨਾ ਹੋ ਗਿਆ ਸੀ। ਉਮਰ ਦੀਆਂ ਤ੍ਰਿਕਾਲਾਂ ਪੈਂਦਿਆਂ ਹੀ ਉਹਦੇ ਬੁੱਢੇ ਹੱਡ ਸਭ ਕਾਸੇ ਤੋਂ ਆਹਰੀ ਸਨ… ਜ਼ਿੰਦਗੀ ਦੇ ਸਾਹ ਵਧਾਉਣ ਲਈ ਉਹ ਡਾਕਟਰਾਂ ਦੇ ਵੱਸ ਪੈ ਗਿਆ ਸੀ। ਡਾਕਟਰ ਬੁੱਕਾਂ ਦੇ ਬੁੱਕ ਗੋਲੀਆਂ ਦੇਈ ਜਾਂਦੇ ਸੀ ਤੇ ਉਹ ਖਾਈ ਜਾਂਦਾ ਸੀ। ਬੱਚਿਆਂ ਦੇ ਫੋਨ ਆਉਂਦੇ… ”ਡੈਡੀ, ਤੁਸੀਂ ਕੋਈ ਕੇਅਰ ਟੇਕਰ ਰੱਖ ਲਓ… ਪੈਸਿਆਂ ਦੀ ਕੋਈ ਗੱਲ ਨੀਂ… ਜਿੰਨੇ ਕਹੁ ਅਸੀਂ ਭੇਜ ਦਿੰਨੇ ਆਂ…।”
ਸਿਕੰਦਰ ਦੇ ਦੋਏ ‘ਕੇਅਰ ਟੇਕਰ’ ਮੰਗਾ ਤੇ ਬੀਰਾ ਕਿਤੇ ਧੁੱਪ ਚੜ੍ਹੀ ਤੋਂ ਆਉਂਦੇ ਸੀ ਤੇ ਸ਼ਾਮ ਨੂੰ ਵੇਲੇ ਸਿਰ ਈ ਟੱਲੀ ਹੋ ਕੇ ਸੜਕਾਂ ‘ਚ ਆਠੇ ਬਣਾਉਂਦੇ, ਆਪੋ ਆਪਣੇ ਘਰੀਂ ਜਾ ਵੜਦੇ ਸੀ… ਬੀਬੀ ਚਰਨੀ ਨੂੰ ਤਾਂ ਓਦਾਂ ਈ ਅੱਖਾਂ ਤੋਂ ਘੱਟ ਦੀਂਹਦਾ ਸੀ… ਉਹਦੇ ਤਾਂ ਆਪਦੇ ਹੱਡ ‘ਜਵਾਬ’ ਦੇਈ ਬੈਠੇ ਸੀ ਪਰ ਘਰ ਦੀ ਗ਼ਰੀਬੀ ਉਸ ਨੂੰ ਸਿਕੰਦਰ ਦੇ ਡੇਰੇ ਤਾਈਂ ਧੂਹ ਲਿਆਉਂਦੀ ਸੀ।
ਪਰਸੋਂ ਦੀ, ਸਿਕੰਦਰ ਦੀ ਤਬੀਅਤ ਜ਼ਿਆਦਾ ਖ਼ਰਾਬ ਸੀ। ਬੱਚਿਆਂ ਦਾ ਫੋਨ ਆਇਆ ਸੀ… ”ਡੈਡੀ, ਤੁਸੀਂ ਕਿਸੇ ਚੰਗੇ ਜਿਹੇ ਹਸਪਤਾਲ ਦਾਖਲ ਹੋ ਜਾਓ… ਉੱਥੇ ਕੇਅਰ ਤਾਂ ਹੋਵੇਗੀ।”
“ਦਾਖਲ ਕਿੱਥੇ ਹੋ ਜਾਵਾਂ… ਮੈਨੂੰ ਕਿਹੜਾ ਕੋਈ ਓਦਾਂ ਦੀ ਬਿਮਾਰੀ ਆ… ਡਾਕਟਰਾਂ ਤਾਂ ਮੈਨੂੰ ਊਂ ਮਾਰ ਦੇਣਾ…” ਡਾਹਢੀ ਉਦਾਸੀ ‘ਚ ਮਰੀਅਲ ਜਿਹੀ ਆਵਾਜ਼ ‘ਚ ਬੋਲਦੇ ਸਿਕੰਦਰ ਨੇ ਫੋਨ ਕੱਟ ਦਿੱਤਾ ਸੀ। ਕੱਲ੍ਹ ਦੀ ਬੀਬੀ ਚਰਨੀ ਵੀ ਨਹੀਂ ਸੀ ਆਈ… ਸ਼ਾਇਦ ਉਹ ਆਪ ਢਿੱਲੀ ਸੀ…।
ਬਿੱਲੂ ਦੀਆਂ ਘੋਖਵੀਆਂ ਨਜ਼ਰਾਂ ਤੇ ਚੌਕਸ ਕੰਨਾਂ ਨੂੰ ਜਦੋਂ ਕੁਝ ਨਾ ਸੁਣਾਈ ਦਿੱਤਾ… ਤਾਂ ਉਹ ਸੁੰਘੇ, ਕੁੱਤੇ ਵਾਂਗ ਸੁੰਘ ਕੇ ਪਤਾ ਲਾਉਣ ਦੀ ਕੋਸ਼ਿਸ਼ ਕਰਨ ਲੱਗਾ ਜਿਵੇਂ ਕਿਤੇ ਸੜੇ ਜਲੇ ਨੂੰ ਹਵਾ ‘ਚੋਂ ਸੁੰਘ ਰਿਹਾ ਹੋਵੇ…। ਅਚਾਨਕ ਅੰਦਰ ਕੋਈ ਭਾਂਡਾ ਡਿੱਗਣ ਦੀ ‘ਵਾਜ ਨੇ ਬਿੱਲੂ ਦੇ ਕੰਨ ਖੜ੍ਹੇ ਕਰ ਦਿੱਤੇ… ”ਅੰਦਰ ਤਾਂ ਹੈਗਾ ਕੋਈ…!” ਇੱਕੋ ਵੇਲੇ ਡਰ ਤੇ ਖ਼ੁਸ਼ੀ ਉਹਦੇ ਮਨ ‘ਤੇ ਛਾਅ ਗਏ, ਉਸ ਹੌਸਲਾ ਰੱਖਿਆ।
ਬਾਹਰਲੇ ਗੇਟ ਦੀਆਂ ਪੱਤੀਆਂ ‘ਚ ਪੈਰ ਫਸਾ ਕੇ ਬਿੱਲੂ ‘ਤਾਂਹ ਚੜ੍ਹ ਗਿਆ… ਜਵਾਨ ਬਿੱਲੂ ਚਹੁੰ ਕੁ ਛਲਾਂਗਾਂ ‘ਚ ਕੋਠੀ ਦੇ ਦਰਵਾਜ਼ੇ ਤਾਈਂ ਅੱਪੜ ਗਿਆ। ਉਹਨੂੰ ਲੱਗਾ ਜਿਵੇਂ ਅੰਦਰੋਂ ਕੋਈ ਹੌਲੀ ਹੌਲੀ ਉਹਦਾ ਨਾਂਅ ਲੈ ਕੇ ‘ਵਾਜਾਂ ਮਾਰਦਾ ਹੋਵੇ… ਸਿਕੰਦਰ ਦੇ ਕਰਾਹੁਣ ਦੀ ਆਵਾਜ਼ ਉਹਨੂੰ ਸਾਫ਼ ਸੁਣ ਪਈ। ”ਤਾਇਆ” ਕਹਿੰਦਿਆਂ ਸਾਰ ਉਸ ਦਰਵਾਜ਼ੇ ਦੇ ਹੈਂਡਲ ਨੂੰ ਮਰੋੜ ਦਿੱਤਾ। ਸਾਹਮਣੇ ਸਿਕੰਦਰ ਫਰਸ਼ ‘ਤੇ ਮੂਧਾ ਪਿਆ ਸੀ, ਕੱਪੜੇ ਉਹਦੇ ਪਾਣੀ ਨਾਲ ਭਿੱਜੇ ਪਏ ਸੀ…।
”ਤਾਇਆ ਜੀ…” ਓਸ ਬਗਲਾ ਭਰਕੇ ਸਿਕੰਦਰ ਨੂੰ ਚੁੱਕਿਆ, ”ਓਏ ਬਿੱਲਿਆ! ਪੁੱਤ ਤੇਰਾ ਭਲਾ ਹੋਵੇ…” ਸਿਕੰਦਰ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ।
”ਕੀ ਗੱਲ ਹੋਗੀ ਤਾਇਆ?”
”ਦੱਸਦਾਂ” ਸਿਕੰਦਰ ਦੀਆਂ ਅੱਖਾਂ ਪਰਨਾਲਿਆਂ ਵਾਂਗ ਵਗ ਪਈਆਂ, ਬਿੱਲੂ ਦਾ ਦਿਲ ਵੀ ਪਸੀਜਿਆ ਗਿਆ। ”ਕੱਲ੍ਹ ਦੀ ਚਰਨੀ ਨੀ ਆਈ… ਸ਼ਾਇਦ ਬਿਮਾਰ ਹੋਣੀ ਵਿਚਾਰੀ…” ਸਿਕੰਦਰ ਦੇ ਮੂੰਹੋਂ ਮਸੀਂ ਨਿਕਲਿਆ। ”ਬੀਰੇ ਹੋਰੀਂ ਨੀ ਆਏ?” ਬਿੱਲੂ ਨੇ ਸੁਭਾਇਕ ਹੀ ਕਿਹਾ।
”ਨ… ਅ ਈਂ… ਕੋਈ ਨੀ ਆਇਆ…” ਸਿਕੰਦਰ ਇਉਂ ਬੋਲਿਆ ਜਿਵੇਂ ਸਦੀਆ ਤੋਂ ਕੋਈ ਉਹਦੇ ਕੋਲ ਨਾ ਆਇਆ ਹੋਵੇ।
ਬਿੱਲੂ ਸਮਝ ਗਿਆ… ‘ਫੇਰ ਤਾਂ ਤਾਏ ਨੇ ਕੱਲ੍ਹ ਦਾ ਕੁਝ ਖਾਧਾ ਪੀਤਾ ਵੀ ਨਹੀਂ ਹੋਣਾ… ਹੋ ਸਕਦਾ ਦਵਾਈ ਵੀ ਨਾ ਖਾਧੀ ਹੋਵੇ…”
“ਤੁਸੀਂ ਫੋਨ ਕਰ ਦੇਣਾ ਸੀ…”
”ਫੋਨ ਕੀ ਕਰਦਾ… ਮੈਥੋਂ ਤਾਂ ਮੁੜ ਉੱਠਿਆ ਨੀ ਗਿਆ।”
”ਨਾ ਡਿੱਗ ਕਿਵੇਂ ਪਏ…?”
”ਤੜਕੇ… ਆਹ ਪਾਣੀ ਆਲਾ ਜੱਗ ਚੁੱਕਿਆ ਸੀ ਸਰ੍ਹਾਣਿਓਂ… ਇਹ ਮੇਰੇ ਹੱਥ ਛੁੱਟ ਗਿਆ। ਮੈਂ ਉੱਠ ਕੇ ਰਸੋਈ ਵੱਲ ਚੱਲਿਆ ਸਾਂ ਪਾਣੀ ਪੀਣ… ਡੁੱਲ੍ਹੇ ਪਾਣੀ ਕਰਕੇ ਪੈਰ ਤਿਲ੍ਹਕ ਗਿਆ…। ਪਾਣੀ ਖੁਣੋਂ ਮੇਰਾ ਸੰਘ ਸੁੱਕਾ ਪਿਆ ਤਾਹੀਓਂ ‘ਵਾਜ ਨੀ ਸੀ ਨਿਕਲਦੀ।”
”ਓ… ਹੋ…” ਬਿੱਲੂ ਨੇ ਅਫ਼ਸੋਸ ਜਤਾਇਆ। ਦਬਾਸੱਟ ਬਿੱਲੂ ਨੇ ਪਾਣੀ ਦਾ ਗਿਲਾਸ ਭਰ ਕੇ ਉਹਦੇ ਮੂੰਹ ਨੂੰ ਲਾਇਆ।
”ਮੈਨੂੰ ਤੇਰਾ ਹੌਰਨ ਤਾਂ ਸੁਣਦਾ ਸੀ, ਪਰ ‘ਵਾਜ ਨੀ ਸੀ ਨਿਕਲਦੀ” ਗੱਲ ਕਰਦਿਆਂ ਹੀ ਸਿਕੰਦਰ ਦੀ ਆਵਾਜ਼ ਘੱਗੀ ਹੋ ਗਈ… ਸ਼ਾਇਦ ਉਹਦਾ ਗਲ ਭਰ ਆਇਆ ਸੀ, ”ਬਿੱਲੂ ਪੁੱਤ… ਮੈਨੂੰ ਛੱਡ ਕੇ ਨਾ ਜਾਈਂ…” ਸਿਕੰਦਰ ਦੀ ਧਾਹ ਨਿਕਲ ਗਈ।
”ਕੋਈ ਨੀਂ ਤਾਇਆ ਮੈਂ ਕਰਦਾਂ ਫੋਨ ਮੰਗੇ ਹੋਰਾਂ ਨੂੰ…।”
”ਚੱਲ ਪੁੱਤ… ਭਾਵੇਂ ਪੱਤਾ ਲਿਖਾ ਲਾ ਮੈਥੋਂ ਪਰ ਮੈਨੂੰ ਛੱਡ ਕੇ ਨਾ ਜਾਈਂ…” ਸਿਕੰਦਰ ਲੇਲੜੀਆਂ ਕੱਢਣ ਲੱਗ ਪਿਆ।
ਬਿੱਲੂ ਡੌਰ ਭੌਰ ਹੋਇਆ… ਸਮੁੰਦਰਾਂ ਦੇ ਤਾਰੂ ਸਿਕੰਦਰ ਦੇ ਉਦਾਸੇ ਮੂੰਹ ਵੱਲ ਦੇਖਦਾ ਹੀ ਰਹਿ ਗਿਆ। ਏਨਾ ਉਦਾਸ ਉਸ ਸਿਕੰਦਰ ਨੂੰ ਕਦੇ ਨਹੀਂ ਸੀ ਦੇਖਿਆ। ਜੇਬ ‘ਚੋਂ ਫੋਨ ਕੱਢ ਕੇ ਬਿੱਲੂ ਮਿਲਾਉਣ ਲੱਗ ਪਿਆ… ਅੰਦਰ ਸ਼ਾਇਦ ਰੇਂਜ ਘੱਟ ਸੀ। ਉਹ ਬਾਹਰ ਨਿਕਲ ਆਇਆ।
”ਬਿੱਲੂ ਪੁੱਤ ਮੈਨੂੰ ਛੱਡ ਕੇ ਨਾ ਜਾਈਂ…” ਜਾਲੀ ਵਾਲੇ ਦਰਵਾਜ਼ੇ ਦੇ ਪਰਲੇ ਪਾਸੇ ਖੜ੍ਹਾ ਬਿੱਲੂ ਵੀ ਉਹਨੂੰ ਬਹੁਤ ਦੂਰ ਖੜ੍ਹਾ ਲੱਗਦਾ ਸੀ…।