ਸਾਈਕਲ ਰੈਲੀ ਰਾਹੀਂ ਨਸ਼ਾਮੁਕਤ ਪੰਜਾਬ ਦਾ ਸੁਨੇਹਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 13 ਮਾਰਚ
ਇੱਥੇ ਅੱਜ ਦੇ ਦਿਨ ਨੂੰ ਬਹਾਦਰੀ ਦਿਵਸ ਵਜੋਂ ਮਨਾਉਂਦਿਆਂ ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾਂਸਭਾ ਅਤੇ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਸੁਨਾਮ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਕਰ ਕੇ ਪੰਜਾਬ ਨੂੰ ਨਸ਼ਾਮੁਕਤ ਕਰਨ ਦਾ ਸੁਨੇਹਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 13 ਮਾਰਚ 1930 ਨੂੰ ਸ਼ਹੀਦ ਊਧਮ ਸਿੰਘ ਨੇ ਲੰਡਨ ਵਿੱਚ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਜੱਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਲਿਆ ਸੀ।
ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ, ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ਹੀਦ ਊਧਮ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਈ ਇਹ ਰੈਲੀ ਬਾਜ਼ਾਰਾਂ ’ਚੋਂ ਹੁੰਦੀ ਹੋਈ ਬਠਿੰਡਾ ਮਾਰਗ ਸਥਿਤ ਸ਼ਹੀਦ ਊਧਮ ਸਿੰਘ ਯਾਦਗਾਰ ’ਤੇ ਸਮਾਪਤ ਹੋਈ। ਸਮਾਰਕ ’ਤੇ ਹੋਏ ਸਮਾਗਮ ਦੌਰਾਨ ਚੇਅਰਮੈਨ ਮੁਕੇਸ਼ ਜੁਨੇਜਾ, ਹਰਦਿਆਲ ਸਿੰਘ ਕੰਬੋਜ ਪ੍ਰਧਾਨ, ਕੇਸਰ ਸਿੰਘ ਚੇਅਰਮੈਨ, ਜਸਮੇਰ ਸਿੰਘ ਸੈਕਟਰੀ, ਤਰਸੇਮ ਸਿੰਘ ਖਜ਼ਾਨਚੀ, ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਸੰਜੂ, ਸਾਹਿਬ ਸਿੰਘ, ਗਿਆਨੀ ਜੰਗੀਰ ਸਿੰਘ ਰਤਨ, ਤਰਸੇਮ ਸਿੰਘ ਮਹਿਰੋਕ, ਮਾਸਟਰ ਜਸਮੇਰ ਸਿੰਘ, ਮਾਸਟਰ ਸੁਰੇਸ ਕਾਂਸਲ ਆਦਿ ਨੇ ਸੰਬੋਧਨ ਕਰਦਿਆਂ ਨਸ਼ੇ ਰਹਿਤ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਇਸ ਮੌਕੇ ਐਡਵੋਕੇਟ ਅਮਨਪ੍ਰੀਤ ਕੌਰ ਮੈਂਬਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤ ਗਾ ਕੇ ਹਾਜ਼ਰੀ ਲਵਾਈ। ਵੱਡੀ ਗਿਣਤੀ ਵਿਚ ਸਾਈਕਲ ਰੈਲੀ ਵਿੱਚ ਸ਼ਾਮਲ ਸਕੂਲਾਂ, ਕਾਲਜਾਂ ਅਤੇ ਕਲੱਬਾਂ ਦੇ ਸਾਈਕਲਿਸਟਾਂ ਨੂੰ ਟੀ-ਸ਼ਰਟਾਂ, ਤਗਮਿਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।