ਡੀਸੀ ਦਫ਼ਤਰ ’ਚ ਮੋਹਰ ਤੇ ਜੇਤੂ ਸਰਟੀਫਿਕੇਟ ਜਮ੍ਹਾਂ ਕਰਵਾਉਣ ਪੁੱਜਿਆ ‘ਆਪ’ ਕੌਂਸਲਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਮਾਰਚ
ਸ਼ਹਿਰ ਦੇ ਵਾਰਡ ਨੰਬਰ 22 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸੱਤਾਧਾਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਕੌਂਸਲਰ ਅਵਤਾਰ ਸਿੰਘ ਤਾਰਾ ਨਗਰ ਕੌਂਸਲ ’ਚ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਅੱਜ ਆਪਣਾ ਜੇਤੂ ਸਰਟੀਫਿਕੇਟ ਅਤੇ ਮੋਹਰ ਡਿਪਟੀ ਕਮਿਸ਼ਨਰ ਕੋਲ ਜਮ੍ਹਾਂ ਕਰਾਉਣ ਪੁੱਜ ਗਏ। ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ’ਚ ਕੌਂਸਲਰ ਅਵਤਾਰ ਸਿੰਘ ਸਹਾਇਕ ਕਮਿਸ਼ਨਰ ਜਨਰਲ ਦੇ ਦਫ਼ਤਰ ਪੁੱਜੇ ਅਤੇ ਜੇਤੂ ਸਰਟੀਫਿਕੇਟ ਅਤੇ ਮੋਹਰ ਜਮ੍ਹਾਂ ਕਰਨ ਲਈ ਆਖਿਆ ਪਰ ਅਧਿਕਾਰੀ ਵਲੋਂ ਸਿਰਫ਼ ਲਿਖਤੀ ਸ਼ਿਕਾਇਤ ਦੀ ਕਾਪੀ ਵਸੂਲ ਕੀਤੀ ਜਦੋਂ ਕਿ ਜੇਤੂ ਸਰਟੀਫਿਕੇਟ ਅਤੇ ਮੋਹਰ ਨਹੀਂ ਰੱਖੀ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕੌਂਸਲਰ ਅਵਤਾਰ ਸਿੰਘ ਤਾਰਾ ਸਾਈਕਲ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ। ਇਸ ਦੌਰਾਨ ਸਹਾਇਕ ਕਮਿਸ਼ਨਰ ਜਨਰਲ ਨੂੰ ਮਿਲਣ ਤੋਂ ਬਾਅਦ ਕੌਂਸਲਰ ਨੇ ਆਪਣਾ ਦੁੱਖ ਦੱਸਦਿਆਂ ਕਿਹਾ ਕਿ ਨਗਰ ਕੌਂਸਲ ਦਫ਼ਤਰ ਵਿਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਉਸ ਦੇ ਵਾਰਡ ਦੇ ਕੰਮ ਨਹੀਂ ਹੋ ਰਹੇ। ਮੁਹੱਲੇ ਦੀਆਂ ਸਟਰੀਟ ਲਾਈਟਾਂ ਠੀਕ ਨਹੀਂ, ਸਫ਼ਾਈ ਦੇ ਪ੍ਰਬੰਧ ਨਹੀਂ ਅਤੇ ਹੋਰ ਕੰਮ ਆਦਿ ਨਹੀਂ ਹੋ ਰਹੇ ਜਿਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਹੈ। ਕਈ ਵਾਰ ਨਗਰ ਕੌਂਸਲਰ ਦਫ਼ਤਰ ਵਿਚ ਲਿਖਤੀ ਰੂਪ ਵਿਚ ਦੇ ਚੁੱਕਿਆ ਹਾਂ ਪਰ ਕੋਈ ਅਮਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਅਜੇ ਤੱਕ ਨਗਰ ਕੌਂਸਲ ਦਾ ਕੋਈ ਪ੍ਰਧਾਨ ਨਿਯੁਕਤ ਨਹੀਂ ਕੀਤਾ ਗਿਆ ਜਿਸ ਕਾਰਨ ਉਹ ਆਪਣੀ ਫਰਿਆਦ ਕਿਸ ਕੋਲ ਕਰਨ। ਉਨ੍ਹਾਂ ਕਿਹਾ ਕਿ ਜਦੋਂ ਉਸ ਦੇ ਕੰਮ ਹੀ ਨਹੀਂ ਹੋ ਰਹੇ ਅਤੇ ਨਗਰ ਕੌਂਸਲ ਦੀ ਕਮੇਟੀ ਹੀ ਨਹੀਂ ਬਣੀ ਤਾਂ ਫ਼ਿਰ ਜੇਤੂ ਸਰਟੀਫਿਕੇਟ ਅਤੇ ਮੋਹਰ ਕਿਸ ਕੰਮ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕਮੇਟੀ ਨਹੀਂ ਬਣਦੀ ਉਦੋਂ ਤੱਕ ਲੋਕਾਂ ਦੇ ਕਾਗਜ਼ਾਤ ਉਪਰ ਮੋਹਰ ਖੁਦ ਪ੍ਰਸ਼ਾਸਨ ਲਗਾਵੇ। ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ ਜਨਰਲ ਵਲੋਂ ਸਿਰਫ਼ ਦਰਖਾਸਤ ਹੀ ਵਸੂਲ ਕੀਤੀ ਹੈ ਜਦੋਂ ਕਿ ਜੇਤੂ ਸਰਟੀਫਿਕੇਟ ਅਤੇ ਮੋਹਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਕੌਂਸਲਰਾਂ ਦੀ ਸੁਣਵਾਈ ਯਕੀਨੀ ਬਣਾਈ ਜਾਵੇ ਅਤੇ ਵਾਰਡਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।