ਪੀਆਰਟੀਸੀ ਤੇ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਗੇਟ ਰੈਲੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਮਾਰਚ
ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਕੱਚੇ ਕਾਮਿਆਂ ਵਲੋਂ ਪੀਆਰਟੀਸੀ ਡਿੱਪੂ ਅੱਗੇ ਗੇਟ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਸਰਕਾਰ ਬਣੀ ਨੂੰ ਲਗਭਗ 3 ਸਾਲ ਬੀਤ ਚੁੱਕੇ ਹਨ ਪਰ ਹਾਲੇ ਤੱਕ ਕੱਚੇ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਨੇ ਇੱਕ ਮਹੀਨੇ ਅੰਦਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਕੋਈ ਹੱਲ ਨਹੀਂ ਹੋਇਆ।
15 ਜਨਵਰੀ ਅਤੇ 17 ਫਨਵਰੀ ਨੂੰ ਟਰਾਂਸਪੋਰਟ ਮੰਤਰੀ ਅਤੇ ਐਡਵੋਕੇਟ ਜਨਰਲ ਪੰਜਾਬ ਨਾਲ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ 10 ਦਿਨ ਵਿੱਚ ਪਾਲਿਸੀ ਬਣਾਉਣ ਸਮੇਤ ਕੁੱਝ ਮਸਲਿਆ ’ਤੇ ਸਹਿਮਤੀ ਬਣੀ ਸੀ ਪਰ ਟਰਾਂਸਪੋਰਟ ਵਿਭਾਗ ਦੇ ਆਧਿਕਾਰੀ ਕਿਸੇ ਵੀ ਮੰਗ ਨੂੰ ਕਿਨਾਰੇ ਨਹੀਂ ਲਗਾਉਣਾ ਚਾਹੁੰਦੇ। ਸੂਬਾ ਆਗੂ ਕਰਮਜੀਤ ਸਿੰਘ ਕਰਮਾ, ਡਿੱਪੂ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ, ਮੀਤ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ, ਸੈਕਟਰੀ ਸੁਖਜਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ ਖੇਤਲਾ, ਮਨਪ੍ਰੀਤ ਸਿੰਘ ਖਾਨਪੁਰ, ਅਜੀਤ ਸਿੰਘ ਸਮਾਣਾ, ਧਰਮਿੰਦਰ ਸਿੰਘ ਗਹੀਰ ਨੇ ਕਿਹਾ ਕਿ ਮੁਫ਼ਤ ਸਫ਼ਰ ਸਹੂਲਤਾਂ ਕਾਰਨ ਪਨਬੱਸ ਅਤੇ ਪੀਆਰਟੀਸੀ ਦੇ ਕਰੀਬ 1100 ਕਰੋੜ ਰੁਪਏ ਸਰਕਾਰ ਵਲੋਂ ਵਿਭਾਗ ਨੂੰ ਨਹੀਂ ਦਿੱਤੇ ਜਾ ਰਹੇ। ਬੱਸਾਂ ਨਾ ਹੋਣ ਕਾਰਨ ਹਰੇਕ ਬੱਸ ਵਿੱਚ ਸਵਾਰੀ 100 ਤੋਂ ਵੱਧ ਹੁੰਦੀ ਹੈ ਅਤੇ ਬੱਸ ਓਵਰਲੋਡ ਕਰਨਾ ਮੁਲਾਜ਼ਮਾਂ ਦੀ ਮਜਬੂਰੀ ਬਣ ਚੁੱਕੀ ਹੈ।
ਉਨ੍ਹਾਂ ਸਰਕਾਰ ਦੇ ਅਜਿਹੇ ਰਵੱਈਏ ਵਿਰੁੱਧ ਰੋਸ ਵਜੋਂ 19 ਮਾਰਚ ਨੂੰ ਪੀਆਰਟੀਸੀ ਮੁੱਖ ਦਫ਼ਤਰ ਪਟਿਆਲਾ ਅੱਗੇ ਰੋਸ ਧਰਨਾ, 26 ਮਾਰਚ ਨੂੰ ਪੰਜਾਬ ਰੋਡਵੇਜ਼/ ਪਨਬਸ ਦੇ ਮੁੱਖ ਦਫ਼ਤਰ ਚੰਡੀਗੜ੍ਹ ਦੇ ਸੈਕਟਰ-17 ਵਿੱਚ ਧਰਨਾ ਅਤੇ 3 ਅਪਰੈਲ ਨੂੰ ਪੰਜਾਬ ਦੇ ਸਮੂਹ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕੀਤਾ। ਜੇਕਰ ਫ਼ਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ 7, 8 ਅਤੇ 9 ਅਪਰੈਲ ਨੂੰ ਹੜਤਾਲ ਸਮੇਤ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੀਆਂ ਕੋਠੀਆਂ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।