ਸਾਈਕਲ ਯਾਤਰਾ ਦਾ ਖਾਨਪੁਰ ਜਾਟਾਨ ਪੁੱਜਣ ’ਤੇ ਸਵਾਗਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਅਪਰੈਲ
ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਕਲਸਾਣਾ ਨੇ ਕਿਹਾ ਹੈ ਕਿ ਪੁਲੀਸ ਮੁਲਾਜ਼ਮਾਂ, ਨੌਜਵਾਨਾਂ ਤੇ ਆਮ ਨਾਗਰਿਕਾਂ ਦੇ ਸਾਈਕਲ ਦਾ ਹਰ ਪੈਡਲ ਨਸ਼ਾ ਮੁਕਤ ਹਰਿਆਣਾ ਦੀ ਲਹਿਰ ਨੂੰ ਹੋਰ ਮਜ਼ਬੂਤੀ ਦੇ ਰਿਹਾ ਹੈ। ਇਸ ਲਹਿਰ ਰਾਹੀਂ ਸਾਈਕਲ ਯਾਤਰਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਸ਼ਾ ਮੁਕਤ ਹਰਿਆਣਾ ਦੇ ਸੰਦੇਸ਼ ਨੂੰ ਸੂਬੇ ਦੇ ਹਰੇਕ ਵਿਅਕਤੀ ਤਕ ਪਹੁੰਚਾਉਣ ਦੇ ਸੰਕਲਪ ਨਾਲ ਅੱਗੇ ਵੱਧ ਰਹੀ ਹੈ। ਸਾਈਕਲੋਥੋਨ 2.0 ਯਾਤਰਾ ਦਾ ਜ਼ਿਲ੍ਹਾ ਕੁਰੂਕਸ਼ੇਤਰ ਪੁੱਜਣ ’ਤੇ ਪਿੰਡ ਖਾਨਪੁਰ ਜਾਟਾਨ ਵਿਚ ਭਾਜਪਾ ਨੇਤਾ ਸੁਭਾਸ਼ ਕਲਸਾਣਾ, ਐੱਸਡੀਐੱਮ ਸ਼ਾਹਬਾਦ ਚਿਨਾਰ ਚਾਹਲ, ਡੀਐੱਸਪੀ ਰਾਮ ਕੁਮਾਰ ਨੇ ਸਵਾਗਤ ਕੀਤਾ। ਔਰਤਾਂ ਨੇ ਹਰਿਆਣਵੀ ਪਰੰਪਰਾ ਅਨੁਸਾਰ ਹਰਿਆਣਵੀ ਲੋਕ ਗੀਤ ਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਭਾਜਪਾ ਆਗੂ ਕਲਸਾਣਾ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ ਸਾਨੂੰ ਨਸ਼ਿਆਂ ਵਿਰੁੱਧ ਇਕ ਜੁੱਟ ਹੋ ਕੇ ਲੜਨ ਦੀ ਲੋੜ ਹੈ। ਨਸ਼ਿਆ ਖ਼ਿਲਾਫ਼ ਸਰਕਾਰ ਦੀ ਇਹ ਮੁਹਿੰਮ ਸ਼ਲਾਘਾਯੋਗ ਹੈ। ਸਾਈਕਲੋਥੋਨ ਯਾਤਰਾ ਦੀ ਅਗਵਾਈ ਕਰ ਰਹੇ ਡਾ. ਅਸ਼ੋਕ ਵਰਮਾ ਨੇ ਕਿਹਾ ਕਿ ਯਾਤਰਾ ਰਾਹੀਂ ਆਮ ਲੋਕਾਂ ਨੂੰ ਇਕ ਬਹੁਤ ਹੀ ਮਹੱਤਵਪੂਰਨ ਸੰਦੇਸ਼ ਮਿਲ ਰਿਹਾ ਹੈ। ਇਸ ਮੌਕੇ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ। ਡਰੱਗ ਇੰਸਪੈਕਟਰ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਕੈਮਿਸਟ ਐਸੋਸ਼ੀਏਸ਼ਨ ਨੇ ਕਿਹਾ ਕਿ ਕੋਈ ਵੀ ਕੈਮਿਸਟ ਡਾਕਟਰ ਦੀ ਪਰਚੀ ਬਿਨਾਂ ਦਵਾਾਈ ਨਹੀਂ ਵੇਚੇਗਾ ਤੇ ਨਾ ਹੀ ਆਪਣੀ ਦੁਕਾਨ ’ਤੇ ਕੋਈ ਨਸ਼ੀਲਾ ਪਦਾਰਥ ਰੱਖੇਗਾ। ਨੌਜਵਾਨਾਂ ਦੀ ਇਕ ਟੀਮ ਨੇ ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਨਾਟਕ ਖੇਡਿਆ। ਇਸ ਮੌਕੇ ਪਿੰਡ ਦਾ ਸਰਪੰਚ ਰਾਮ ਕੁਮਾਰ, ਨੀਰਜ ਕੁਮਾਰ, ਰਾਜੂ, ਪੂਜਾ , ਚੰਗੇਜ, ਪ੍ਰੇਮ, ਰਾਮਪਾਲ, ਬਾਲਕ ਰਾਮ ,ਰਤੀ ਰਾਮ, ਅਨਿਲ ਕੁਮਾਰ ਮੌਜੂਦ ਸਨ।