ਪੂਰਾ ਦੇਸ਼ ਭਾਰਤ ਸਰਕਾਰ ਅਤੇ ਫ਼ੌਜ ਨਾਲ: ਸੌਰਭ ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਪਰੈਲ
ਇੱਥੇ ਅੱਜ ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਦੇਸ਼ ਵਾਸੀਆਂ ਵਿੱਚ ਰੋਸ ਹੈ। ਅੱਜ ਪੂਰਾ ਦੇਸ਼ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਦੇ ਨਾਲ ਖੜ੍ਹਾ ਹੈ ਅਤੇ ਚਾਹੁੰਦਾ ਹੈ ਕਿ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਜਾਵੇ। ਭਾਰਤੀ ਇਤਿਹਾਸ ਵਿੱਚ ਬਹੁਤ ਘੱਟ ਪ੍ਰਧਾਨ ਮੰਤਰੀਆਂ ਨੂੰ ਅਜਿਹੇ ਮੌਕੇ ਮਿਲੇ ਹਨ।
1971 ਵਿੱਚ ਇੰਦਰਾ ਗਾਂਧੀ ਅਤੇ 1999 ਵਿੱਚ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮੌਕਾ ਮਿਲਿਆ ਹੈ। ਇਸ ਲਈ, ਪੂਰਾ ਦੇਸ਼ ਪ੍ਰਧਾਨ ਮੰਤਰੀ ਤੋਂ ਮੰਗ ਕਰ ਰਿਹਾ ਹੈ ਕਿ ਹੁਣ ਭਾਰਤ ਸਰਕਾਰ ਨੂੰ ਪਾਕਿਸਤਾਨ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਵਾਪਸ ਲੈਣਾ ਚਾਹੀਦਾ ਹੈ। ਸਾਨੂੰ ਆਪਣੀ ਭਾਰਤੀ ਫੌਜ ਦੀ ਬਹਾਦਰੀ ’ਤੇ ਪੂਰਾ ਵਿਸ਼ਵਾਸ ਹੈ। ਸਾਰੇ ਅਤਿਵਾਦੀ ਸਿਖਲਾਈ ਕੈਂਪ, ਲਾਂਚਿੰਗ ਪੈਡ ਅਤੇ ਸਾਰਾ ਬੁਨਿਆਦੀ ਢਾਂਚਾ ਸਿਰਫ਼ ਪੀਓਕੇ ਵਿੱਚ ਸਥਿਤ ਹੈ।ਜਿੰਨਾ ਚਿਰ ਪੀਓਕੇ ਪਾਕਿਸਤਾਨ ਦੇ ਕਬਜ਼ੇ ਹੇਠ ਰਹੇਗਾ, ਅਤਿਵਾਦ ਵਧਦਾ ਰਹੇਗਾ।
ਸੌਰਭ ਭਾਰਦਵਾਜ ਨੇ ਕਿਹਾ ਕਿ ਅੱਜ 2025 ਵਿੱਚ, ਇਤਿਹਾਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਮੂ-ਕਸ਼ਮੀਰ ਵਿੱਚ ਉਸ ਸਥਾਨ ‘ਤੇ ਜਾ ਕੇ ਭਾਰਤੀ ਤਿਰੰਗਾ ਲਹਿਰਾਉਣ ਦਾ ਮੌਕਾ ਦੇ ਰਿਹਾ ਹੈ, ਜਿਸ ‘ਤੇ ਸਾਲਾਂ ਤੋਂ ਪਾਕਿਸਤਾਨ ਦਾ ਕਬਜ਼ਾ ਹੈ। ਜੰਮੂ-ਕਸ਼ਮੀਰ ਦਾ ਖੇਤਰਫਲ 2.22 ਲੱਖ ਵਰਗ ਕਿਲੋਮੀਟਰ ਸੀ। ਇਸ ਵਿੱਚੋਂ ਲਗਭਗ 1.06 ਲੱਖ ਵਰਗ ਕਿਲੋਮੀਟਰ ਦਾ ਇਲਾਕਾ ਭਾਰਤ ਕੋਲ ਹੈ ਅਤੇ 72 ਹਜ਼ਾਰ ਵਰਗ ਕਿਲੋਮੀਟਰ ਤੋਂ ਵੱਧ ਭਾਰਤੀ ਕਸ਼ਮੀਰ ਪਾਕਿਸਤਾਨ ਕੋਲ ਹੈ।
ਇਸ ਮੌਕੇ ‘ਤੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਇੱਕ ਸਹਿਮਤੀ ਹੈ ਕਿ ਪਾਕਿਸਤਾਨ ਵਿਰੁੱਧ ਫੈਸਲਾਕੁੰਨ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਨੁਰਾਗ ਢਾਂਡਾ ਨੇ ਕਿਹਾ ਕਿ ਹੁਣ ਇਹ ਫੈਸਲਾ ਸਰਕਾਰ ਨੂੰ ਲੈਣਾ ਪਵੇਗਾ।