ਸ਼ਹੀਦੀ ਕਾਨਫਰੰਸ ਦਾ ਪੋਸਟਰ ਜਾਰੀ
ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕਮੇਟੀ ਅਤੇ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ 23 ਮਾਰਚ ਨੂੰ ਪਿੰਡ ਤਲਵੰਡੀ ਸਲੇਨ ਵਿੱਚ ਕੌਮੀ ਮੁਕਤੀ ਲਹਿਰ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਉਸ ਦੇ ਦੋਸਤ ਹੰਸ ਰਾਜ ਦੀ ਯਾਦ ਵਿੱਚ ਕਰਵਾਈ ਜਾ ਰਹੀ ਸਾਲਾਨਾ ਸ਼ਹੀਦੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਪਾਸ਼ ਦੇ ਜੱਦੀ ਘਰ ਵਿੱਚ ਮੀਟਿੰਗ ਕਰਨ ਉਪਰੰਤ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ। ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਦੱਸਿਆ ਕਿ ਸ਼ਹੀਦਾਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਲਈ ਮੀਟਿੰਗ ਵਿੱਚ ਸ਼ਾਮਲ ਜਥੇਬੰਦੀਆਂ ਨੇ ਇਲਾਕੇ ਵਿੱਚ ਮੁਹਿੰਮ ਚਲਾਉਣ ਦਾ ਮਤਾ ਪਾਸ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਹਿਮਾਂਸ਼ੂ ਕੁਮਾਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਵਿਸ਼ੇਸ਼ ਰੂਪ ’ਚ ਪਹੁੰਚ ਰਹੇ ਹਨ। ਸ਼ਹੀਦੀ ਕਾਨਫਰੰਸ ’ਚ ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਨਾਟਕ ਟੀਮ ਵੱਲੋਂ ਸਤਪਾਲ ਬੰਗਾ ਦੇ ਨਿਰਦੇਸ਼ਨ ਹੇਠ ਇਨਕਲਾਬੀ ਨਾਟਕ ਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਕਮੇਟੀ ਮੈਂਬਰ ਹਰਮੇਸ਼ ਮਾਲੜੀ, ਗੁਰਮੀਤ ਸਿੰਘ, ਮਲਕੀਤ ਸਿੰਘ, ਸਤਨਾਮ ਉੱਗੀ, ਨਿਰਮਲ ਜਹਾਂਗੀਰ, ਸੁੱਚਾ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ, ਭਾਕਿਯੂ ਏਕਤਾ-ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਮਲਸੀਆਂ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ) ਦੇ ਆਗੂ ਸੁਖਵਿੰਦਰ ਬਾਗਪੁਰੀ, ਪਾਸ਼ ਦੀਆਂ ਭੈਣਾਂ ਪਰਮਿੰਦਰ ਕੌਰ ਤੇ ਰਜਿੰਦਰ ਕੌਰ ਆਦਿ ਹਾਜ਼ਰ ਸਨ।