ਸ਼ਹੀਦਾਂ ਨੂੰ ਸਿਜਦਾ: ਸ਼ਹੀਦੀ ਦਿਹਾੜੇ ਮੌਕੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਮਾਰਚ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਅੱਜ ਇੱਥੇ ਹੁਸੈਨੀਵਾਲਾ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਇੱਕ ਕ੍ਰਾਂਤੀਕਾਰੀ ਨਹੀਂ ਸਗੋਂ ਇੱਕ ਚਿੰਤਕ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਨਕਲਾਬ ਸਿਰਫ਼ ਹਥਿਆਰਾਂ ਨਾਲ ਨਹੀਂ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੇ ਪੱਥਰ ’ਤੇ ਘੜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਪੂਰੇ ਸੂਬੇ ਅੰਦਰ ਇਨਕਲਾਬੀ ਮੇਲੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਯਾਦਗਾਰ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਸ਼ਹੀਦੀ ਸਮਾਰਕ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਮੁੜ ਸ਼ੁਰੂ ਕਰਨ ਲਈ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਅੱਜ ਕੁਝ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੂਨੇ ਤੋਂ ਮਿੱਟੀ ਲਿਆ ਕੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਚੜ੍ਹਾਈ ਗਈ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਵੱਲੋਂ ਵੱਖ-ਵੱਖ ਉਮਰ ਵਰਗ ਵਿਚ ਕਬੱਡੀ ਦੇ ਮੈਚ ਕਰਵਾਏ ਗਏ। ਇਸ ਮੌਕੇ ਕੈਬਨਿਟ ਮੰਤਰੀਆਂ ਦੇ ਨਾਲ ਹਲਕਾ ਵਿਧਾਇਕ ਰਜਨੀਸ਼ ਦਹੀਯਾ, ਰਣਬੀਰ ਭੁੱਲਰ ਅਤੇ ਫੌਜਾ ਸਿੰਘ ਸਰਾਰੀ ਮੌਜੂਦ ਸਨ।
ਬਠਿੰਡਾ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਇੱਥੇ ਦਾਣਾ ਮੰਡੀ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ। ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਆਗੂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਨੇ ਦੇਸ਼ ’ਚੋਂ ਗਰੀਬੀ ਦੇ ਖਾਤਮੇ ਅਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕੀਤਾ ਸੀ। ਉਨ੍ਹਾਂ ਦੀ ਚਾਹਤ ਸੀ ਕਿ ਮਿਹਨਤਕਸ਼ਾਂ ਦੀ ਪੁੱਗਤ ਵਾਲਾ ਰਾਜ ਹੋਵੇ, ਪਰ ਹੁਣ ਵੱਡੀਆਂ ਸਰਮਾਏਦਾਰ ਕੰਪਨੀਆਂ ਵੱਲੋਂ ਮਿਹਨਤਕਸ਼ਾਂ ਦੇ ਹੱਕਾਂ ’ਤੇ ਜਬਰੀ ਡਾਕੇ ਮਾਰੇ ਜਾ ਰਹੇ ਹਨ। ਕਿਸਾਨਾਂ ਵੱਲੋਂ ਵਿਰੋਧ ਕਰਨ ’ਤੇ ਪੁਲੀਸ ਵੱਲੋਂ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਲਛਮਣ ਸੇਵੇਵਾਲਾ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਲਈ ਜਥੇਬੰਦੀਆਂ ਨੂੰ ਤਕੜੀਆਂ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਐੱਸਕੇਐੱਮ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਿਕ 28 ਮਾਰਚ ਦੇ ਜਬਰ ਵਿਰੋਧੀ ਦਿਹਾੜੇ ਵਿੱਚ ਭਰਵੀਂ ਸ਼ਮੂਲੀਅਤ ਦੀ ਤਿਆਰੀ ਵਾਸਤੇ 24 ਮਾਰਚ ਨੂੰ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਤੇ ਹੋਰ ਕਿਰਤੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ।
ਮਾਨਸਾ (ਜੋਗਿੰਦਰ ਸਿੰਘ ਮਾਨ): ਬਰਤਾਨਵੀ ਸਾਮਰਾਜ ਵਿਰੋਧੀ ਇਨਕਲਾਬੀ ਲਹਿਰ ਦੇ ਜਝਾਰੂ ਸ਼ਹੀਦਾਂ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਨਤਕ ਇਕੱਠਾਂ ਰਾਹੀਂ ਸੰਗਰਾਮੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮਾਨਸਾ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਹੋ-ਜਿਹਾ ਪ੍ਰਬੰਧ ਰਾਜ ਭਾਗ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ, ਉਹ ਨਹੀਂ ਆਇਆ, ਕਿਉਂਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਸਭ ਨੂੰ ਸਸਤੀ ਵਿੱਦਿਆ, ਰੁਜ਼ਗਾਰ, ਹਰ ਬੰਦੇ ਨੂੰ ਸਿਹਤ ਸਹੂਲਤਾਂ ਮਿਲਣ ਕੋਈ ਵੀ ਵਿਅਕਤੀ ਕਿਸੇ ਚੀਜ਼ ਦੀ ਘਾਟ ਕਾਰਨ ਦੁਖੀ ਨਾ ਹੋਵੇ, ਜਾਤ-ਪਾਤ ਦੇ ਬਖਰੇਵੇਂ ਖਤਮ ਹੋਣ ਇਹ ਚਾਹੁੰਦਾ ਸੀ ਭਗਤ ਸਿੰਘ। ਉਨ੍ਹਾਂ ਕਿਹਾ ਕਿ ਮੰਗਾਂ/ਮਸਲਿਆਂ ਦੇ ਹੱਲ ਲਈ ਅਤੇ ਭਗਤ ਸਿੰਘ ਵਿਚਾਰਧਾਰਾ ਨੂੰ ਅਪਣਾਕੇ ਸੰਘਰਸ਼ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।
ਬਠਿੰਡਾ (ਮਨੋਜ ਸ਼ਰਮਾ): ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਹਿਰ ਦੇ ਆਰਹੀਆ ਸਮਾਜ ਚੌਕ ’ਚ ਭਗਤ ਸਿੰਘ ਤੇ ਸਾਥੀਆਂ ਨੂੰ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸਾਥੀਆਂ ਸਮੇਤ ਸ਼ਰਧਾ ਦੇ ਫੁੱਲ ਭੇਟ ਕੀਤੇ। ਬਠਿੰਡਾ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਗੁਰਪ੍ਰੀਤ ਮਲੂਕਾ ਵੱਡੇ ਕਾਫ਼ਲੇ ਨਾਲ ਹੁਸੈਨੀਵਾਲਾ ਪੁੱਜੇ। ਇਸੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਪ੍ਰਭਾਵਸ਼ਾਲੀ ਅਤੇ ਵਿਚਾਰਵਾਨ ਨਾਟਕ ‘ਮੈਂ ਭਗਤ ਸਿੰਘ’ ਦਾ ਮੰਚਨ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਰਾਮਪੁਰਾ ਫੂਲ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਥੇਬੰਦੀ ਦੇ ਵੱਖ-ਵੱਖ ਥਾਈਂ ਮੋਟਰਸਾਈਕਲ ਮਾਰਚ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਰ੍ਹਾਂ ਨਗਰ ਕੌਂਸਲ ਵਿੱਚ ਸ਼ਹੀਦਾਂ ਦੀ ਯਾਦ ’ਚ ਖੂਨਦਾਨ ਕੈਂਪ ਲਾਇਆ ਗਿਆ ਜਿਸ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਤਲਵੰਡੀ ਭਾਈ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸ਼ਹੀਦ ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਇੱਥੇ ਬੱਸ ਅੱਡੇ ’ਤੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸ਼ਹਿਰ ਦੀ ਸਮਾਜ ਸੇਵੀ ਸੰਸਥਾ ‘ਦੁੱਖ ਨਿਵਾਰਨ ਦਸਵੰਧ ਸੇਵਾ ਸੁਸਾਇਟੀ ਵੱਲੋਂ ਮਨਾਇਆ ਗਿਆ। ਲੋਕਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਦੇਸ਼ ਭਗਤੀ ਦੇ ਨਾਅਰੇ ਲਾਏ ਗਏ।
ਫਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਉੱਤੇ ਅੱਜ ਇੱਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਜਥੇਬੰਦੀ ਫਰੀਡਮ ਫਾਈਟਰ ਉਤਰਾਧਿਕਾਰੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਦੀਪ ਗਰੋਵਰ ਦੀ ਅਗਵਾਈ ਹੇਠ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੀ ਕੀਤੀ ਕੁਰਬਾਨੀ ਨੂੰ ਯਾਦ ਕੀਤਾ।
ਸੀਪੀਆਈ ਵੱਲੋਂ ਪ੍ਰਸ਼ਾਸਨ ’ਤੇ ਸ਼ਹੀਦ ਨੂੰ ਅਣਦੇਖਿਆ ਕਰਨ ਦਾ ਦੋਸ਼
ਮਾਨਸਾ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਦੀ ਅਗਵਾਈ ਹੇਠ ਭਗਤ ਸਿੰਘ ਦੇ ਬੁੱਤ ’ਤੇ ਹਾਰ ਪਾ ਕੇ ਇਨਕਲਾਬੀ ਜੋਸ਼ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਆਗੂਆਂ ਨੇ ਦੋਸ਼ ਲਾਇਆ ਕਿ 23 ਮਾਰਚ ਸ਼ਹੀਦੀ ਦਿਹਾੜੇ ਮੌਕੇ ਭਗਤ ਸਿੰਘ ਦੇ ਬੁੱਤ ਪ੍ਰਤੀ ਸੰਜੀਦਾ ਨਾ ਹੋਣਾ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਵਿਚਾਰਧਾਰਾ ਨੂੰ ਚੱਲਦਿਆਂ ਬਰਾਬਰੀ ਦਾ ਸਮਾਜ ਸਿਰਜਣਾ ਹੀ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਇਸ ਮੌਕੇ ਰਤਨ ਭੋਲਾ, ਸੁਰਿੰਦਰਪਾਲ ਸ਼ਰਮਾ, ਗੋਰਾ ਲਾਲ ਅਤਲਾ, ਮੇਜਰ ਸਿੰਘ ਸਰਪੰਚ, ਹਰਪ੍ਰੀਤ ਮਾਨਸਾ, ਰਾਜਵਿੰਦਰ ਸਿੰਘ, ਬੂਟਾ ਸਿੰਘ, ਬਰਨਾਲਾ ਤੇ ਪਵਨ ਕੁਮਾਰ ਨੇ ਵੀ ਸੰਬੋਧਨ ਕੀਤਾ।
ਬਠਿੰਡਾ ਵਿੱਚ ਨਾਟਕ ‘ਮੈਂ ਭਗਤ ਸਿੰਘ ਦਾ ਮੰਚਨ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਆ ਨਾਟਕ ‘ਮੈਂ ਭਗਤ ਸਿੰਘ’ ਦਾ ਮੰਚਨ ਕਰ ਕੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਯੂਨੀਵਰਸਿਟੀ ਦੇ ਥੀਏਟਰ ਕਲੱਬ ਵੱਲੋਂ ਖੇਡੇ ਗਏ ਇਸ ਨਾਟਕ ਦੌਰਾਨ ਸੁਤੰਤਰਤਾ ਸੰਗਰਾਮੀਆਂ ਨੂੰ ਮੰਚ ’ਤੇ ਜੀਵੰਤ ਕਰਨ ਦਾ ਉਪਰਾਲਾ ਕੀਤਾ ਗਿਆ। ਨਾਟਕ ਨੇ ਕੁਰਬਾਨੀ ਅਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਪਸ਼ਟ ਰੂਪ ਵਿੱਚ ਪੇਸ਼ ਕਰਦਿਆਂ, ਦਰਸ਼ਕਾਂ ਦੇ ਮਨਾਂ ਉੱਤੇ ਡੂੰਘਾ ਪ੍ਰਭਾਵ ਛੱਡਿਆ। ਨਾਟਕ ’ਚ ਨੌਜਵਾਨ ਪੀੜ੍ਹੀ ਨੂੰ ਆਪਣੇ ਕੌਮੀ ਨਾਇਕਾਂ ਵੱਲੋਂ ਦਰਸਾਏ ਰਾਹਾਂ ਨੂੰ ਅਪਣਾਉਣ ਦਾ ਸੁਨੇਹਾ ਸੀ। ’ਵਰਸਿਟੀ ਦੇ ਡੀਨ ਡਾ. ਪਰਮਜੀਤ ਸਿੰਘ ਨੇ ਥੀਏਟਰ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸਮਾਗਮ ਦੇ ਕੋਆਰਡੀਨੇਟਰ ਡਾ. ਗਗਨਦੀਪ ਕੌਰ, ਡਾ. ਸ਼ਵੇਤਾ ਰਾਣੀ ਅਤੇ ਡਾ. ਮਨਦੀਪ ਕੌਰ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਪ੍ਰਸੰਸਾ ਕੀਤੀ। ’ਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਦੀਪ ਕਾਂਸਲ ਅਤੇ ਕੈਂਪਸ ਡਾਇਰੈਕਟਰ ਪ੍ਰੋ. (ਡਾ.) ਸੰਜੀਵ ਅਗਰਵਾਲ ਨੇ ਭਗਤ ਸਿੰਘ ਦੀ ਇਨਕਲਾਬੀ ਦ੍ਰਿਸ਼ਟੀ ਅਤੇ ਸਾਹਿਤਕ ਯੋਗਦਾਨ ਬਾਰੇ ਚਾਨਣਾ ਪਾਇਆ।