ਸਰਪੰਚ ਦੇ ਘਰਾਂ ਅੱਗੇ ਲੱਗਣਗੇ ‘ਤਸਕਰ ਮਦਦ ਲਈ ਨਾ ਆਵੇ’ ਵਾਲੇ ਬੋਰਡ
ਸ਼ਗਨ ਕਟਾਰੀਆ
ਬਠਿੰਡਾ, 16 ਮਾਰਚ
ਬਠਿੰਡਾ ਜ਼ਿਲ੍ਹੇ ਦੇ ਸਰਪੰਚਾਂ ਦੇ ਦਰਾਂ ’ਤੇ ਹੁਣ ਇਸ ਇਬਾਰਤ ਦੇ ਹੋਰਡਿੰਗ ਮਿਲਣਗੇ ‘ਨਸ਼ਾ ਤਸਕਰ ਜਾਂ ਉਸ ਦਾ ਸਹਿਯੋਗੀ ਮਦਦ ਲਈ ਘਰ ਨਾ ਆਵੇ’। ਇਹ ਫੈਸਲਾ ਅੱਜ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਦੀ ਅਗਵਾਈ ’ਚ ਇਕੱਠੇ ਹੋਏ ਸਰਪੰਚਾਂ ਨੇ ਆਮ ਸਹਿਮਤੀ ਨਾਲ ਲਿਆ।
ਇਸ ਤੋਂ ਇਲਾਵਾ ਸਰਪੰਚ ਤੇ ਪੰਚ ਆਪਣੀਆਂ ਗੱਡੀਆਂ ਉੱਪਰ ਵੀ ਇਸੇ ਸਲੋਗਨ ਦੇ ਸਟਿੱਕਰ ਵੀ ਲਾਉਣਗੇ। ਚੇਅਰਮੈਨ ਜਤਿੰਦਰ ਭੱਲਾ ਅਜਿਹੀ ਸ਼ੁਰੂਆਤ ਕੁਝ ਅਰਸਾ ਪਹਿਲਾਂ ਹੀ ਆਪਣੇ ਦਫ਼ਤਰ ਤੋਂ ਕਰ ਚੁੱਕੇ ਹਨ। ਉੱਥੇ ਉਨ੍ਹਾਂ ਬਕਾਇਦਾ ਬੋਰਡ ਲਾਇਆ ਹੋਇਆ ਹੈ। ਅੱਜ ਸਰਪੰਚਾਂ ਨੇ ਸਪਸ਼ਟ ਅਹਿਦ ਕੀਤਾ ਕਿ ਉਹ ਆਪਣੇ ਪਿੰਡਾਂ ’ਚ ਕਿਸੇ ਨੂੰ ਨਸ਼ਾ ਵੇਚਣ ਦੀ ਇਜਾਜ਼ਤ ਨਹੀ ਦੇਣਗੇ ਅਤੇ ਨਸ਼ਾ ਵੇਚਣ ਤੇ ਕਰਨ ਵਾਲਿਆਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਨਗੇ। ਸਰਪੰਚਾਂ ਨੇ ਕਿਹਾ ਕਿ ਜੇ ਫਿਰ ਵੀ ਤਸਕਰ ਅਜਿਹਾ ਕਰਨ ਤੋਂ ਬਾਜ਼ ਨਹੀਂ ਆਉਣਗੇ, ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰਾਹ ਖੋਲ੍ਹ ਦਿੱਤਾ ਜਾਵੇਗਾ।
ਜਤਿੰਦਰ ਭੱਲਾ ਨੇ ਦੱਸਿਆ ਕਿ ਹੋਰਡਿੰਗ ਅਤੇ ਸਟਿੱਕਰ ਤਿਆਰ ਕਰਨ ਦੇ ਆਰਡਰ ਦੇ ਦਿੱਤੇ ਗਏ ਹਨ ਅਤੇ ਇਨ੍ਹਾਂ ’ਤੇ ਪਿੰਡਾਂ ਦੇ ਨਾਂਅ ਲਿਖੇ ਹੋਣਗੇ, ਜਿਨ੍ਹਾਂ ਨੂੰ ਅਗਲੇ ਦਿਨੀਂ ਥਾਂ ਪੁਰ ਥਾਂ ਲਗਾ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਰਪੰਚ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦਾ ਸਾਥ ਦੇਣ ਲਈ ਇੱਕਮਤ ਹਨ ਅਤੇ ਉਨ੍ਹਾਂ ਵੱਲੋਂ ਮੁਹਿੰਮ ਦੀ ਸ਼ਲਾਘਾ ਅਤੇ ਸਮਰਥਨ ਕੀਤਾ ਗਿਆ ਹੈ।