ਸਰਕਾਰ ਨਵੀਂ ਪਾਰਦਰਸ਼ੀ ਆਬਕਾਰੀ ਨੀਤੀ ਲਿਆਏਗੀ: ਮੁੱਖ ਮੰਤਰੀ
ਨਵੀਂ ਦਿੱਲੀ, 11 ਅਪਰੈਲ
ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਸੂਬੇ ਦਾ ਮਾਲੀਆ ਵਧਾਉਣ ਲਈ ਹੋਰ ਰਾਜਾਂ ਦੀ ਵਧੀਆ ਯੋਜਨਾਵਾ ਨੂੰ ਅਪਣਾਉਂਦੇ ਹੋਏ ਇੱਕ ਨਵੀਂ ਪੁਖਤਾ ਆਬਕਾਰੀ ਯੋਜਨਾ ਲੈ ਕੇ ਆਵੇਗੀ। ਉਨ੍ਹ੍ਵਾਂ ਕਿਹਾ ਕਿ ਇਹ ਨੀਤੀ ਪਾਰਦਰਸ਼ੀ ਹੋਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਇਸ ਨੀਤੀ ਨਾਲ ਨਾਲ ਸਮਾਜ ਵਿੱਚ ਕੋਈ ਸਮੱਸਿਆ ਨਾ ਪੈਦਾ ਹੋਵੇ। ਜ਼ਿਕਰਯੋਗ ਹੈ ਕਿ ਪਿਛਲੀ ‘ਆਪ’ ਸਰਕਾਰ ਵੱਲੋਂ ਲਿਆਂਦੀ ਆਬਕਾਰੀ ਨੀਤੀ (2021-22) ਵਿੱਚ ਕਥਿਤ ਊਣਤਾਈਆਂ ਅਤੇ ਭ੍ਰਿਸ਼ਟਾਚਾਰ ਭਾਜਪਾ ਦੇ ਮੁੱਖ ਚੋਣ ਮੁੱਦਿਆਂ ਵਿੱਚੋਂ ਇੱਕ ਸੀ। ਦੋਸ਼ ਲੱਗਣ ਮਗਰੋਂ ਆਬਕਾਰੀ ਨੀਤੀ ਨੂੰ ਰੱਦ ਕਰ ਦਿੱਤਾ ਗਿਆ ਸੀ। ਸ੍ਰੀਮਤੀ ਗੁਪਤਾ ਨੇ ਕਿਹਾ ਕਿ ਉਹ ਇੱਕ ਨਵੀਂ ਪੁਖਤਾ ਨੀਤੀ ਲੈ ਕੇ ਆਉਣਗੇ, ਜੋ ਸੂਬੇ ਦਾ ਮਾਲੀਆ ਵੀ ਵਧਾਏਗੀ। ਉਨ੍ਹਾਂ ਕਿਹਾ ਕਿ ਕੁੱਝ ਰਾਜਾਂ ਵਿੱਚ ਆਬਕਾਰੀ ਨੀਤੀਆਂ ਬਹੁਤ ਵਧੀਆ ਚਲ ਰਹੀਆਂ ਹਨ। ਅਸੀਂ ਵੱਖ-ਵੱਖ ਰਾਜਾਂ ਦੀਆਂ ਇਨ੍ਹਾਂ ਵਧੀਆ ਆਬਕਾਰੀ ਨੀਤੀਆਂ ਦਾ ਪਾਲਣ ਕਰਾਂਗੇ। ਮੁੱਖ ਮੰਤਰੀ ਦਫ਼ਤਰ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਸਰਕਾਰ ਇੱਕ ਪਾਰਦਰਸ਼ੀ ਅਤੇ ਪ੍ਰਭਾਵੀ ਆਬਕਾਰੀ ਨੀਤੀ ਲਿਆਉਣ ਲਈ ਵਚਨਬੱਧ ਹੈ। ‘ਆਪ’ ਸਰਕਾਰ ਵੇਲੇ ਆਬਕਾਰੀ ਨੀਤੀ ਕਾਰਨ ਉਪ ਰਾਜਪਾਲ ਅਤੇ ਕੇਜਰੀਵਾਲ ਸਰਕਾਰ ਆਹਮੋ ਸਾਹਮਣੇ ਹੋ ਗਏ ਸਨ। ਇਸ ਨੀਤੀ ਨੂੰ ਮਗਰੋਂ ਰੱਦ ਕਰਨਾ ਪਿਆ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਮੁੱਦਾ ਕਾਫੀ ਛਾਇਆ ਰਿਹਾ। ਭਾਜਪਾ ਨੇ ਚੋਣ ਦੌਰਾਨ ਇਸ ਮੁੱਦੇ ਨੂੰ ਕਾਫੀ ਉਛਾਲਿਆ। ਹੁਣ ਭਾਜਪਾ ਦੀ ਨਵੀਂ ਬਣੀ ਸਰਕਾਰ ਆਬਕਾਰੀ ਨੀਤੀ ਨੂੰ ਪਾਰਦਰਸ਼ੀ ਅਤੇ ਲੋਕਾਂ ਲਈ ਲਾਹੇਵੰਦ ਬਣਾਉਣ ਦਾ ਉਪਰਾਲਾ ਕਰ ਰਹੀ ਹੈ।