ਸਕੂਲ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਮਾਮਲਾ: ਗੁਰੂ ਗੋਬਿੰਦ ਸਿੰਘ ਸਕੂਲ ਦੇ 20 ਤੋਂ ਵੱਧ ਅਧਿਆਪਕ ਤੇ ਸਟਾਫ ਮੈਂਬਰ ਮੁਅੱਤਲ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਮਾਰਚ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਦੇ ਅਧਿਆਪਕਾਂ ਦਰਮਿਆਨ ਮਾਮਲਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਸਕੂਲ ਦੀ ਮੈਨੇਜਮੈਂਟ ਨੇ ਅੱਜ ਸਕੂਲ ਅਧਿਆਪਕਾਂ, ਸਟਾਫ ਮੈਂਬਰਾਂ ਸਣੇ ਵੀਹ ਤੋਂ ਜ਼ਿਆਦਾ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 24 ਜਣਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਸਕੂਲ ਅਧਿਆਪਕਾਂ ਨੇ ਦੋਸ਼ ਲਾਇਆ ਹੈ ਕਿ ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ ਖ਼ਿਲਾਫ਼ ਇਕਤਰਫਾ ਕਾਰਵਾਈ ਕੀਤੀ ਗਈ ਹੈ ਜਦਕਿ ਉਨ੍ਹਾਂ ਨੇ ਇਕ ਸਕੂਲ ਪ੍ਰਬੰਧਕ ’ਤੇ ਸਕੂਲ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ ਸਨ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਕੋਲ ਮੁਅੱਤਲੀ ਦੇ ਪੱਤਰਾਂ ਦੀਆਂ ਕਾਪੀਆਂ ਮੌਜੂਦ ਹਨ। ਅਧਿਆਪਕਾਂ ਨੇ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਪੱਤਰਾਂ ਵਿਚ ਮੁਅੱਤਲੀ ਦੀ ਸਮਾਂ ਸੀਮਾ ਵੀ ਨਹੀਂ ਲਿਖੀ ਗਈ। ਸਕੂਲ ਦੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਸਕੂਲ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਸਕੂਲ ਦੇ ਕੰਮਾਂ ਵਿਚ ਬੇਲੋੜਾ ਦਖ਼ਲ ਦਿੱਤਾ ਜਾ ਰਿਹਾ ਸੀ ਜਿਸ ਦਾ ਉਨ੍ਹਾਂ ਨੇ ਹਿਸਾਬ ਮੰਗਦਿਆਂ ਇਹ ਪੈਸਾ ਸਕੂਲ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਪਰ ਇਹ ਫੰਡ ਵਾਪਸ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਇਸ ਪੈਸੇ ਦਾ ਹਿਸਾਬ ਦਿੱਤਾ ਜਾ ਰਿਹਾ ਹੈ। ਇਸ ਪੈਸੇ ਦੀ ਅਣਹੋਂਦ ਕਾਰਨ ਸਕੂਲ ਦੀਆਂ ਦੇਣਦਾਰੀਆਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਮਾਮਲੇ ’ਚ ਗੁਰੂ ਗੋਬਿੰਦ ਸਕੂਲ ਦੇ ਮੈਨੇਜਰ ਚਰਨਜੀਤ ਸਿੰਘ ਤੇ ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਮਾਨ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਜਦਕਿ ਸਕੂਲ ਦੇ ਮੈਨੇਜਰ ਨੇ ਪਹਿਲਾਂ ਦੱਸਿਆ ਸੀ ਕਿ ਅਧਿਆਪਕਾਂ ਦੀ ਸ਼ਿਕਾਇਤ ’ਤੇ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਸਕੂਲ ਦਾ ਅਨੁਸ਼ਾਸਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ।
ਬਾਕਸ::ਅਧਿਆਪਕਾਂ ਦੀ ਮੈਨਜਮੈਂਟ ਮੈਂਬਰ ਨਾਲ ਬਹਿਸ ਤੋਂ ਬਾਅਦ ਪੁਲੀਸ ਆਈ
ਇਹ ਵੀ ਪਤਾ ਲੱਗਿਆ ਹੈ ਕਿ ਦੋ ਦਿਨ ਪਹਿਲਾਂ ਇਸ ਸਕੂਲ ਵਿਚ ਅਧਿਆਪਕਾਂ ਦੀਆਂ ਫਾਈਲਾਂ ਬਾਹਰ ਲਿਜਾਣ ਦੇ ਮਾਮਲੇ ’ਤੇ ਅਧਿਆਪਕਾਂ ਦੀ ਸਕੂਲ ਮੈਨਜਮੈਂਟ ਦੇ ਇਕ ਮੈਂਬਰ ਨਾਲ ਬਹਿਸਬਾਜ਼ੀ ਵੀ ਹੋਈ ਸੀ ਜਿਸ ਤੋਂ ਬਾਅਦ ਅਧਿਆਪਕਾਂ ਨੇ ਪੁਲੀਸ ਸੱਦ ਲਈ ਸੀ ਤੇ ਸੈਕਟਰ 36 ਦੇ ਥਾਣਾ ਮੁਖੀ ਨੇ ਸਕੂਲ ਦਾ ਦੌਰਾ ਵੀ ਕੀਤਾ ਸੀ। ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦਿਆਂ ਨਿਯਮਾਂ ਨੂੰ ਭੰਗ ਕਰਨ ਦੇ ਦੋਸ਼ਾਂ ਦੀ ਵੀਡੀਓ ਕਲਿੰਪਿੰਗ ਮੰਗੀ ਸੀ। ਅਧਿਆਪਕਾਂ ਨੇ ਕਿਹਾ ਕਿ ਜੇ ਉਨ੍ਹਾਂ ਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਵੀਡੀਓ ਦਿਖਾਈ ਜਾਵੇ ਪਰ ਉਨ੍ਹਾਂ ਨੇ ਸ਼ਾਂਤਮਈ ਸਕੂਲ ਦੇ ਬਾਹਰ ਰੋਸ ਪ੍ਰਗਟ ਕੀਤਾ ਸੀ।