ਸਕੂਲਾਂ ਦੀਆਂ ਪਹਿਲਾਂ ਤੋਂ ਬਣੀਆਂ ਇਮਾਰਤਾਂ ਦੇ ਨੀਂਹ ਪੱਥਰ ਰੱਖਣਾ ਗਲਤ: ਮੰਗੂਪੁਰ
ਪੱਤਰ ਪ੍ਰੇਰਕ
ਬਲਾਚੌਰ, 6 ਅਪਰੈਲ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਕਿਹਾ ਹੈ ਕਿ ‘ਆਪ’ ਸਰਕਾਰ ਵੱਲੋਂ ਸਾਲ 2025-26 ਦੌਰਾਨ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਸਰਕਾਰੀ ਸਕੂਲਾਂ ਦੇ ਪਖ਼ਾਨਿਆਂ, ਚਾਰਦੀਵਾਰੀਆਂ ਅਤੇ ਕਲਾਸ ਰੂਮਾਂ ਦੇ ਉਦਘਾਟਨਾਂ ਅਤੇ ਨੀਂਹ ਪੱਥਰਾਂ ’ਤੇ ਕਰੀਬ 20 ਕਰੋੜ ਰੁਪਏ ਖਰਚੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲਾਂ ਵਿੱਚ ਦੋ ਸਾਲ ਤੋਂ ਬਣੇ ਅਤੇ ਵਰਤੇ ਜਾ ਰਹੇ ਪਖ਼ਾਨਿਆਂ, ਚਾਰਦੀਵਾਰੀਆਂ ਅਤੇ ਕਲਾਸ ਰੂਮ ਦੇ ਵੀ ਸੂਬੇ ਦੀ ਸਰਕਾਰ ਦੇ ਮੰਤਰੀ ਉਦਘਾਟਨ ਕਰਨਗੇ। ਜੇ ਕਿਸੇ ਸਕੂਲ ਵਿੱਚ ਪਖ਼ਾਨੇ, ਚਾਰਦੀਵਾਰੀ ਅਤੇ ਕਲਾਸ ਰੂਮ ਬਣਿਆ ਹੋਇਆ ਹੈ ਉਨ੍ਹਾਂ ਤਿੰਨਾਂ ਸਥਾਨਾਂ ਉਪਰ ਵੱਖ-ਵੱਖ ਤਿੰਨ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਲਗਾਏ ਜਾਣਗੇ ਅਤੇ ਪ੍ਰਤੀ ਨੀਂਹ ਪੱਥਰ ਸਰਕਾਰ ਵਲੋਂ ਪੰਜ ਹਜ਼ਾਰ ਰੁਪਏ ਪ੍ਰਾਇਮਰੀ ਸਕੂਲ, 10 ਹਜ਼ਾਰ ਰੁਪਏ, ਸਰਕਾਰੀ ਸਕੂਲ ਅਤੇ 20 ਹਜ਼ਾਰ ਰੁਪਏ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਖਰਚਾ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਦਘਾਟਨੀ ਸਮਾਗਮਾਂ ਲਈ ਇਹ ਰਾਸ਼ੀ ਕਾਫੀ ਨਹੀਂ ਹੈ ਜਦ ਕਿ ਇਸ ਤੋਂ ਉੱਪਰ ਆਉਂਦਾ ਖਰਚਾ ਅਧਿਆਪਕਾ ਨੂੰ ਆਪਣੀਆਂ ਜੇਬਾਂ ’ਚੋਂ ਕਰਨਾ ਪਵੇਗਾ। ਉਨ੍ਹਾਂ ਆਖਿਆ ਕਿ ਅਧਿਆਪਕਾਂ ਦੇ ਰੁਝੇਵੇਂ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ।