ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਪੱਤਰ ਪ੍ਰੇਰਕ
ਫਗਵਾੜਾ, 13 ਅਪਰੈਲ
ਵਿਸਾਖੀ ਦਾ ਦਿਹਾੜਾ ਅੱਜ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਮਨਾਇਆ ਗਿਆ। ਮੁੱਖ ਸਮਾਗਮ ਇਤਿਹਾਸਿਕ ਗੁਰਦੁਆਰਾ ਸ਼੍ਰੀ ਸੂਖਚੈਨਆਣਾ ਸਾਹਿਬ ਵਿਖੇ ਹੋਇਆ ਜਿੱਥੇ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਪੁੱਜੇ ਜਥੇ ਭਾਈ ਜਸਵਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ, ਭਾਈ ਸਰਬਜੀਤ ਸਿੰਘ ਕਲੇਰ, ਭਾਈ ਹਰਬੰਸ ਸਿੰਘ ਬਿਲਗਾ, ਭਾਈ ਲਖਵਿੰਦਰ ਸਿੰਘ ਨਿਮਾਣਾ, ਭਾਈ ਗੁਰਜੀਤ ਸਿੰਘ ਭੱਠਲ, ਬੀਬੀ ਜਸਪ੍ਰੀਤ ਕੌਰ, ਮੀਰੀ ਪੀਰੀ ਸੰਗੀਤ ਗੁਰਮਤਿ ਅਕੈਡਮੀ ਫਗਵਾੜਾ, ਭਾਈ ਗੁਰਦਿੱਤ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਸੁੱਚਾ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਜਸਵਿੰਦਰ ਸਿੰਘ ਛਾਪਾ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਥਾਂ-ਥਾਂ ਭਰਵਾ ਸੁਆਗਤ ਕੀਤਾ ਗਿਆ।
ਭੋਗਪੁਰ (ਪੱਤਰ ਪ੍ਰੇਰਕ): ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਯਾਦਗਾਰ ਭੋਗਪੁਰ, ਦਸਮੇਸ਼ ਦਰਬਾਰ ਗੁਰਦੁਆਰਾ ਭੋਗਪੁਰ, ਗੁਰਦੁਆਰਾ ਸਿੰਘ ਸਭਾ ਚਾਹੜਕੇ, ਗੁਰਦੁਆਰਾ ਬਾਬਾ ਬੁੱਢਣ ਸ਼ਾਹ ਬੁੱਟਰਾਂ-ਜਮਾਲਪੁਰ ਵਿੱਚ ਅਖੰਡ ਪਾਠ ਦੇ ਭੋਗ ਮਗਰੋਂ ਰਾਗੀ-ਢਾਡੀ ਜਥਿਆਂ ਨੇ ਸ਼ਬਦ ਕੀਰਤਨ ਅਤੇ ਗੁਰ-ਇਤਿਹਾਸ ਸਰਵਣ ਕਰਾਇਆ। ਪਿੰਡ ਲੁਹਾਰਾ (ਚਾਹੜਕੇ) ਵਿੱਚ ਗੁਰਦੁਆਰਾ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਹੀਰਾ ਸਿੰਘ ਰਤਨ ਦੇ ਜਥੇ ਨੇ ਸ਼ਬਦ ਕੀਰਤਨ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਧੁਨਿਕ ਢੰਗ ਨਾਲ ਤਿਆਰ ਕੀਤੇ ਲੰਗਰ ਹਾਲ ਦਾ ਉਦਘਾਟਨ ਕੀਤਾ।
ਜੰਡਿਆਲਾ ਮੰਜਕੀ (ਤਰਸੇਮ ਸਿੰਘ): ਇਤਿਹਾਸਿਕ ਗੁਰਦੁਆਰਾ ਦੇਹੁਰਾ ਸਾਹਿਬ ਪਾਤਸ਼ਾਹੀ ਪੰਜਵੀਂ ਜੰਡਿਆਲਾ-ਭੰਗਾਲਾ ਵਿੱਚ ਵਿਸਾਖੀ ਮਨਾਈ ਗਈ। ਅੱਜ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਹਾਲ ਵਿੱਚ ਸਜਾਏ ਗਏ ਦੀਵਾਨਾਂ ਵਿੱਚ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਪ੍ਰਚਾਰਕਾਂ ਨੇ ਹਾਜ਼ਰੀ ਭਰੀ। ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਹੋਏ ਸਮਾਗਮ ਮੌਕੇ ਪੁੱਜੀ ਵੱਡੀ ਗਿਣਤੀ ਸੰਗਤ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।