ਵੋਟਰ ਕਾਰਡਾਂ ਤੇ ਹੱਦਬੰਦੀ ਦੇ ਮੁੱਦਿਆਂ ’ਤੇ ਚਰਚਾ ਨਾ ਹੋਣ ਮਗਰੋਂ ਵਿਰੋਧੀ ਧਿਰ ਵੱਲੋਂ ਵਾਕਆਊਟ
ਕਾਂਗਰਸ ਤੇ ਟੀਐੱਮਸੀ ਸਮੇਤ ਵਿਰੋਧੀ ਪਾਰਟੀਆਂ ਨੇ ਅੱਜ ਰਾਜ ਸਭਾ ’ਚ ਡੁਪਲੀਕੇਟ ਵੋਟਰ ਕਾਰਡਾਂ ਤੇ ਹੱਦਬੰਦੀ ਦੇ ਮੁੱਦਿਆਂ ’ਤੇ ਚਰਚਾ ਦੀ ਇਜਾਜ਼ਤ ਨਾ ਦਿੱਤੇ ਜਾਣ ਮਗਰੋਂ ਸਦਨ ’ਚੋਂ ਵਾਕਆਊਟ ਕਰ ਦਿੱਤਾ।
ਤ੍ਰਿਣਮੂਲ ਕਾਂਗਰਸ, ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਨਿਯਮ 267 ਤਹਿਤ ਸਦਨ ਦੇ ਅਧਿਕਾਰੀ ਨੂੰ ਨੋਟਿਸ ਦੇ ਕੇ ਸਬੰਧਤ ਮੁੱਦਿਆਂ ’ਤੇ ਚਰਚਾ ਕਰਾਉਣ ਦੀ ਮੰਗ ਕੀਤੀ ਪਰ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਉਹ ਅਜਿਹੇ ਨੋਟਿਸ ਸਵੀਕਾਰ ਨਹੀਂ ਕਰ ਸਕਦੇ। ਟੀਐੱਮਸੀ ਤੇ ਕਾਂਗਰਸ ਦੇ ਸੰਸਦ ਮੈਂਬਰ ਜਿੱਥੇ ਡੁਪਲੀਕੇਟ ਵੋਟਰ ਸ਼ਨਾਖ਼ਤੀ ਕਾਰਡਾਂ ਦੇ ਮੁੱਦੇ ’ਤੇ ਚਰਚਾ ਦੀ ਮੰਗ ਕਰ ਰਹੇ ਸਨ ਉੱਥੇ ਹੀ ਤਾਮਿਲ ਪਾਰਟੀਆਂ ਦੱਖਣੀ ਰਾਜਾਂ ’ਚ ਹੱਦਬੰਦੀ ਦੀ ਕਵਾਇਦ ਦੇ ਪੈਣ ਵਾਲੇ ਅਸਰ ’ਤੇ ਚਰਚਾ ਚਾਹੁੰਦੀਆਂ ਸਨ। ਵਿਰੋਧੀ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਤੇ ਚਰਚਾ ਕਰਾਉਣ ’ਤੇ ਜ਼ੋਰ ਦਿੱਤਾ। ਡਿਪਟੀ ਚੇਅਰਪਰਸਨ ਹਰਿਵੰਸ਼ ਵੱਲੋਂ ਨੋਟਿਸ ਸਵੀਕਾਰ ਨਾ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਨੇ ਆਕਆਊਟ ਕਰ ਦਿੱਤਾ। ਘੱਟੋ ਘੱਟ 10 ਸੰਸਦ ਮੈਂਬਰਾਂ ਨੇ ਨਿਯਮ 267 ਤਹਿਤ ਨੋਟਿਸ ਦਿੱਤੇ ਸਨ।
ਹਰਿਵੰਸ਼ ਨੇ ਕਿਹਾ ਕਿ ਟੀਐੱਮਸੀ ਦੇ ਸੁਖੇਂਦੂ ਸ਼ੇਖਰ ਰੌਏ, ਮੌਸਮ ਬੀ ਨੂ, ਸੁਸ਼ਮਿਤਾ ਦੇਵ ਅਤੇ ਕਾਂਗਰਸ ਦੇ ਪ੍ਰਮੋਦ ਤਿਵਾੜੀ ਨੇ ਕਈ ਰਾਜਾਂ ’ਚ ਡੁਪਲੀਕੇਟ ਈ ਵੋਟਰ ਸ਼ਨਾਖ਼ਤੀ ਕਾਰਡ ਜਾਰੀ ਕਰਨ ’ਚ ਚੋਣ ਕਮਿਸ਼ਨ ਦੀ ਕਥਿਤ ਗਲਤੀ ’ਤੇ ਚਰਚਾ ਦੀ ਮੰਗ ਕੀਤੀ ਜਦਕਿ ਡੀਐੱਮਕੇ ਦੇ ਪੀ. ਵਿਲਸਨ ਤੇ ਸੀਪੀਐੱਮ ਦੇ ਵੀ ਸ਼ਿਵਦਾਸਨ ਨੇ ਦੱਖਣੀ ਰਾਜਾਂ ’ਚ ਹੱਦਬੰਦੀ ਦੀ ਕਵਾਇਤ ਬਾਰੇ ਚਰਚਾ ਦੀ ਮੰਗ ਕੀਤੀ ਸੀ। -ਪੀਟੀਆਈ