ਵੈਟਰਨਰੀ ਯੂਨੀਵਰਸਿਟੀ ਵਿੱਚ ਅੰਤਰ-ਕਾਲਜ ਬੈਡਮਿੰਟਨ ਅਤੇ ਟੇਬਲ ਟੈਨਿਸ ਟੂਰਨਾਮੈਂਟ
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਪਰੈਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੁਰਸ਼ਾਂ ਅਤੇ ਔਰਤਾਂ ਦੇ ਅੰਤਰ-ਕਾਲਜ ਬੈਡਮਿੰਟਨ ਅਤੇ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ। ਇਸ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਸਰਵਪ੍ਰੀਤ ਸਿੰਘ ਘੁੰਮਣ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਡਾ. ਬਿਲਾਵਲ ਸਿੰਘ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ ਨੇ ਬਤੌਰ ਸੰਯੋਜਕ ਮੈਚਾਂ ਦੇ ਸੁਚਾਰੂ ਅਤੇ ਸਫਲ ਆਯੋਜਨ ਨੂੰ ਯਕੀਨੀ ਬਣਾਇਆ। ਡਾ. ਗਿੱਲ ਨੇ ਸਾਰੇ ਖਿਡਾਰੀਆਂ ਨੂੰ ਨਾ ਸਿਰਫ਼ ਉਨ੍ਹਾਂ ਦੀ ਸਫਲਤਾ ਲਈ, ਸਗੋਂ ਭਾਗੀਦਾਰੀ ਲਈ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਟੀਮ ਭਾਵਨਾ, ਆਤਮਵਿਸ਼ਵਾਸ, ਤਾਕਤ ਅਤੇ ਗਤੀਸ਼ੀਲਤਾ ਦਾ ਮਸ਼ਾਲ ਧਾਰਕ ਹੁੰਦਾ ਹੈ। ਟੂਰਨਾਮੈਂਟ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਪੁਰਸਕਾਰ ਵੰਡ ਸਮਾਰੋਹ ਦੇ ਨਾਲ ਸਮਾਪਤ ਹੋਇਆ। ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ’ਵਰਸਿਟੀ ਦੇ ਅਧਿਕਾਰੀਆਂ ਨਾਲ ਮਿਲ ਕੇ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ।
ਟੇਬਲ ਟੈਨਿਸ (ਪੁਰਸ਼) ਵਰਗ ਵਿੱਚ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਕਾਲਜ ਆਫ਼ ਵੈਟਰਨਰੀ ਸਾਇੰਸ ਲੁਧਿਆਣਾ ਦੇ ਵਿਰਾਟ ਨੇ ਪਹਿਲਾ, ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਅੰਗਦ ਸਿੰਘ ਨੇ ਦੂਜਾ ਸਥਾਨ ਅਤੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੇ ਸਚਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ (ਮਹਿਲਾ) ਵਰਗ ਵਿੱਚ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਦੀ ਪ੍ਰਿਯੰਕਾ ਠਾਕੁਰ ਨੇ ਪਹਿਲਾ ਜਦੋਂ ਕਿ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੀ ਜੈਸਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬੈਡਮਿੰਟਨ (ਪੁਰਸ਼) ਵਰਗ ਵਿੱਚ ਖਾਲਸਾ ਕਾਲਜ ਆਫ਼ ਵੈਟਰਨਰੀ ਸਾਇੰਸਜ਼, ਅੰਮ੍ਰਿਤਸਰ ਦੇ ਉੱਜਵਲ ਗਰਗ ਨੇ ਪਹਿਲਾ, ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਦੇ ਗੁਰਬੀਰ ਸਿੰਘ ਨੇ ਦੂਜਾ ਅਤੇ ਕਾਲਜ ਆਫ਼ ਵੈਟਰਨਰੀ ਸਾਇੰਸ , ਰਾਮਪੁਰਾ ਫੂਲ ਦੇ ਪੁਸ਼ਪਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ (ਮਹਿਲਾ) ਮੁਕਾਬਲੇ ਵਿੱਚੋਂ ਕਾਲਜ ਆਫ਼ ਵੈਟਰਨਰੀ ਸਾਇੰਸ ਲੁਧਿਆਣਾ ਦੀ ਜੈਸਮੀਨ ਕੌਰ ਮੱਲ੍ਹੀ ਨੇ ਪਹਿਲਾ ਅਤੇ ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀ ਅਦਿਤੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕੈਪਸ਼ਨ: ਵੈਟਰਨਰੀ ’ਵਰਸਿਟੀ ਵਿਖੇ ਹੋਏ ਅੰਤਰ-ਕਾਲਜ ਟੂਰਨਾਮੈਂਟ ਦੇ ਜੇਤੂ ਖਿਡਾਰੀ ਇਨਾਮ ਪ੍ਰਾਪਤ ਕਰਦੇ ਹੋਏ। ਫੋਟੋ: ਬਸਰਾ