ਵਿਧਾਇਕ ਦੀ ਘੁਰਕੀ ਮਗਰੋਂ ਕੌਂਸਲ ਅਧਿਕਾਰੀਆਂ ਦੀ ਜਾਗ ਖੁੱਲ੍ਹੀ
ਹਰਜੀਤ ਸਿੰਘ
ਡੇਰਾਬੱਸੀ, 29 ਮਾਰਚ
ਇਥੋਂ ਦੀ ਧਨੋਨੀ ਸੜਕ ’ਤੇ ਇਕ ਕਲੋਨੀ ਵਿੱਚ ਹੋ ਰਹੀਆਂ ਨਾਜਾਇਜ਼ ਉਜਾਰੀਆਂ ਸਬੰਧੀ ਹਲਕਾ ਵਿਧਾਇਕ ਦੀ ਘੁਰਕੀ ਤੋਂ ਅਗਲੇ ਹੀ ਦਿਨ ਨਗਰ ਕੌਂਸਲ ਦੇ ਅਧਿਕਾਰੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਪਏ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅੱਜ ਇੱਕ ਕਲੋਨਾਈਜ਼ਰ ਵੱਲੋਂ ਤਿਆਰ ਕੀਤੀ ਜਾ ਰਹੀ 10 ਦੇ ਕਰੀਬ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਲੰਘੇ ਦਿਨਾਂ ਤੋਂ ਨਾਜਾਇਜ਼ ਤੌਰ ’ਤੇ ਹੋ ਰਹੀਆਂ ਉਸਾਰੀਆਂ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ, ਜਿਸ ਨੂੰ ਲੈ ਕੇ ਹਲਕਾ ਵਿਧਾਇਕ ਵੱਲੋਂ ਵਾਰ-ਵਾਰ ਕਹਿਣ ’ਤੇ ਵੀ ਕੌਂਸਲ ਅਧਿਕਾਰੀ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੇ ਸਨ। ਜ਼ਿਕਰਯੋਗ ਹੈ ਕਿ ਉਕਤ ਸੜਕ ’ਤੇ ਇਕ ਕਲੋਨੀ ਵਿੱਚ ਦਸ ਦੇ ਕਰੀਬ ਦੋ ਮੰਜ਼ਿਲਾਂ ਘਰ ਬਣਾਏ ਜਾ ਰਹੇ ਸਨ। ਕਲੋਨਾਈਜਰ ਵੱਲੋਂ ਇਸ ਸਬੰਧੀ ਨਗਰ ਕੌਂਸਲ ਤੋਂ ਕੋਈ ਵੀ ਮਨਜ਼ੂਰੀ ਜਾਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ। ਇਹ ਮਾਮਲਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਧਿਆਨ ’ਚ ਲਿਆਂਦਾ ਗਿਆ ਜਿਨ੍ਹਾਂ ਵੱਲੋਂ ਬੀਤੇ ਦਿਨ ਨਗਰ ਕੌਂਸਲ ਦੀ ਹੰਗਾਮੀ ਮੀਟਿੰਗ ਸੱਦ ਅਧਿਕਾਰੀਆਂ ਦੀ ਚੰਗੀ ਝਾੜ-ਝੰਬ ਕੀਤੀ ਗਈ ਸੀ। ਸ੍ਰੀ ਰੰਧਾਵਾ ਨੇ ਜਿਥੇ ਅਧਿਕਾਰੀਆਂ ਨੂੰ ਸ਼ਹਿਰ ਦੇ ਵਿਕਾਸ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੀ ਹਦਾਇਤ ਦਿੱਤੀ ਸੀ, ਉਥੇ ਇਨ੍ਹਾਂ ਨਾਜਾਇਜ਼ ਉਸਾਰੀਆਂ ਦੀ ਰਿਪੋਰਟ ਮੰਗੀ ਸੀ। ਵਿਧਾਇਕ ਵਲੋਂ ਹੰਗਾਮੀ ਮੀਟਿੰਗ ਦੇਰ ਸ਼ਾਮ ਸੱਦੇ ਹੋਣ ਦੇ ਚੱਲਦੇ ਬਿਲਡਿੰਗ ਇੰਸਪੈਕਟਰ ਬਿਲਡਿੰਗ ਵੱਲੋਂ ਸ਼ਾਮ ਪੰਜ ਵਜੇ ਤੋਂ ਬਾਅਦ ਨਾਜਾਇਜ਼ ਉਸਾਰੀਆਂ ਸਬੰਧੀ ਕਾਰਵਾਈ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਵਿਧਾਇਕ ਨੇ ਕਿਹਾ ਸੀ ਕਿ ਇਕ ਦਿਨ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਠੋਸ ਅਤੇ ਮਿਸਾਲੀ ਕਾਰਵਾਈ ਨਾ ਹੋਈ ਤਾਂ ਉਹ ਆਪਣੀ ਬਦਲੀ ਫਾਜ਼ਿਲਕਾ ਕਰਾਉਣ ਲਈ ਤਿਆਰ ਰਹਿਣ। ਹਲਕਾ ਵਿਧਾਇਕ ਦੀ ਘੁਰਕੀ ਤੋਂ ਬਾਅਦ ਅੱਜ ਸਵੇਰੇ ਹੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਿਜੈ ਜਿੰਦਲ ਨੇ ਨਾਜਾਇਜ਼ ਉਸਾਰੀਆਂ ’ਤੇ ਪੀਲਾ ਪੰਜਾ ਚਲਵਾ ਦਿੱਤਾ। ਦੂਜੇ ਪਾਸੇ ਹਲਕਾ ਵਿਧਾਇਕ ਦੇ ਰੁੱਖ ਦੇਖਦੇਆਂ ਸਬੰਧਤ ਕਲੋਨਾਈਜਰ ਵੱਲੋਂ ਵੀ ਅੱਜ ਨਗਰ ਕੌਂਸਲ ਵਿੱਚ ਇੱਕ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਸਾਰੀਆਂ ਉਸਾਰੀਆਂ ਨੂੰ ਨਾ ਢਾਇਆ ਜਾਏ ਤੇ ਉਹ ਜਲਦੀ ਇਹਨਾਂ ਦੇ ਨਕਸ਼ੇ ਪਾਸ ਕਰਵਾਉਣ ਤੋਂ ਇਲਾਵਾ ਭਵਿੱਖ ਵਿੱਚ ਕੋਈ ਵੀ ਨਾਜਾਇਜ਼ ਉਸਾਰੀ ਨਹੀਂ ਕਰੇਗਾ। ਪਰ ਨਗਰ ਕੌਂਸਲ ਨੇ ਹਲਕਾ ਵਿਧਾਇਕ ਦੀ ਚਿਤਾਵਨੀ ਅਤੇ ਹਦਾਇਤ ਨੂੰ ਯਾਦ ਰੱਖਦਿਆਂ ਕਲੋਨਾਈਜ਼ਰ ’ਤੇ ਕੋਈ ਤਰਸ ਨਹੀਂ ਖਾਦਾ ਅਤੇ ਉਸਾਰੀਆਂ ਨੂੰ ਢਾਹ ਦਿੱਤਾ।