ਵਿਦਿਆਰਥੀਆਂ ਵੱਲੋਂ ਕੌਮੀ ਸਿੱਖਿਆ ਨੀਤੀ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 4 ਅਪਰੈਲ
ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿੱਚ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਕੌਮੀ ਸਿੱਖਿਆ ਨੀਤੀ-2020 ਅਤੇ ਕਾਲਜ ਦੀਆਂ ਲੋਕਲ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ। ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਹਰਵੀਰ ਗੰਧੜ ਅਤੇ ਜ਼ਿਲ੍ਹਾ ਸਕੱਤਰ ਜਸਨੀਤ ਸਿੰਘ ਨੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰ ਖ਼ਤਮ ਕਰਦੇ ਹੋਏ ਨਵੀਂ ਸਿੱਖਿਆ ਨੀਤੀ ਨੂੰ ਪੰਜਾਬ ਉਪਰ ਥੋਪਿਆ ਗਿਆ ਹੈ। ਇਹ ਨੀਤੀ ਸਿੱਖਿਆ ਦਾ ਕੇਂਦਰੀਕਰਨ, ਨਿੱਜੀਕਰਨ ਤੇ ਭਗਵਾਂਕਰਨ ਕਰ ਰਹੀ ਹੈ। ਜ਼ਿਲ੍ਹਾ ਖਜ਼ਾਨਚੀ ਜਲੰਧਰ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਕਾਲਜ ਵਿਚ ਚੱਲਦੀ ਖੇਤੀਬਾੜੀ ਦੀ ਪੜਾਈ ਨੂੰ ਵੀ ਪ੍ਰਾਈਵੇਟ ਕਰ ਦਿੱਤਾ ਗਿਆ ਹੈ ਤੇ ਕੋਰਸ ਦੀ ਫੀਸ ਵੱਧ ਕੇ 1 ਲੱਖ 65 ਹਜ਼ਾਰ ਹੋ ਗਈ ਹੈ ਤੇ ਇਸ ਮੌਕੇ ਕਾਲਜ ਵਿੱਚ 7 ਸਰਕਾਰੀ ਕੋਰਸ ਅਤੇ 11 ਪ੍ਰਾਈਵੇਟ ਕੋਰਸ ਪੜ੍ਹਾਏ ਜਾ ਰਹੇ ਹਨ। ਇਸ ਤਰ੍ਹਾਂ ਇਸ ਨੀਤੀ ਤਹਿਤ ਸਕੂਲ ਆਫ ਐਮੀਨੈਂਸ ਦੇ ਨਾਮ ’ਤੇ ਸਕੂਲਾਂ ਦੀ ਗਿਣਤੀ ਘਟਾਈ ਜਾ ਰਹੀ ਹੈ।
ਜ਼ਿਲ੍ਹਾ ਆਗੂ ਗੁਰਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਦੀਆਂ ਇਮਾਰਤਾਂ ਵਿਦਿਆਰਥੀਆਂ ਸਾਹਮਣੇ ਥੋੜ੍ਹੀਆਂ ਪੈ ਗਈਆਂ ਹਨ ਅਤੇ ਬੀਏ ਚਾਰ ਸਾਲਾਂ ਦੀ ਹੋ ਜਾਣ ਕਰ ਕੇ ਵਿਦਿਆਰਥੀਆਂ ਦੀ ਗਿਣਤੀ ਵੱਧ ਜਾਣੀ ਹੈ ਅਤੇ ਸਟੂਡੈਂਟਸ ਲਈ ਕਲਾਸਾਂ ਲਗਾਉਣ ਲਈ ਕਲਾਸ ਰੂਮਾਂ, ਲਾਇਬਰੇਰੀ ਰੀਡਿੰਗ ਰੂਮ ਦੀ ਵੀ ਕਮੀ ਹੈ, ਸਰਕਾਰ ਨੂੰ ਇਮਾਰਤਾਂ ਦੀ ਮੁਰੰਮਤ ਕਰਨ ਦੇ ਨਾਲ ਨਾਲ ਹੋਰ ਬਿਲਡਿੰਗਾਂ ਉਸਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਧਰਨੇ ਨੂੰ ਸਮੱਰਥਨ ਦੇਣ ਲਈ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌਨਿਹਾਲ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ ਨੇ ਸੰਬੋਧਨ ਕੀਤਾ। ਇਸ ਮੌਕੇ ਕਾਲਜ ਕਮੇਟੀ ਮੈਂਬਰ ਰਮਨਦੀਪ ਕੌਰ, ਹਰਪ੍ਰੀਤ ਕੌਰ, ਸ਼ਰਨਦੀਪ ਸਿੰਘ ਆਦਿ ਮੌਜੂਦ ਸਨ।