ਵਿਦਿਆਰਥੀਆਂ ਵੱਲੋਂ ਕਾਲਜ ਅੱਗੇ ਧਰਨਾ
ਪਰਮਜੀਤ ਸਿੰਘ
ਫਾਜ਼ਿਲਕਾ, 13 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ ਦੀ ਫਾਜ਼ਿਲਕਾ ਇਕਾਈ ਵੱਲੋਂ ਐੱਸਡੀਐੱਮ ਦੇ ਕਾਲਜ ਵਿੱਚ ਪਹੁੰਚਣ ’ਤੇ ਮੰਗ ਪੱਤਰ ਨਾ ਲੈਣ ਦੀ ਸੂਰਤ ਵਿੱਚ ਥਾਣੇਦਾਰ ਵੱਲੋਂ ਵਿਦਿਆਰਥੀ ਆਗੂਆਂ ਨਾਲ ਕਥਿਤ ਬਦਸਲੂਕੀ ਕਰਨ ਖ਼ਿਲਾਫ਼ ਕਾਲਜ ਦੇ ਗੇਟ ਸਾਹਮਣੇ ਧਰਨਾ ਦਿੱਤਾ ਗਿਆ। ਉਪਰੰਤ ਐੱਸਡੀਐੱਮ ਨੇ ਮੰਗ ਪੱਤਰ ਲਿਆ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਜ਼ੋਨ ਕਮੇਟੀ ਮੈਂਬਰ ਕਮਲਜੀਤ ਮੁਹਾਰਖੀਵਾ, ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਅਤੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਸਿੰਘ ਨੇ ਕਿਹਾ ਕਿ ਐੱਮਆਰ ਸਰਕਾਰੀ ਕਾਲਜ ਇਲਾਕੇ ਦਾ ਇਕੋ ਇੱਕ ਸਰਕਾਰੀ ਕਾਲਜ ਹੈ ਪਰ ਲੰਮੇ ਸਮੇਂ ਤੋਂ ਇਸ ਵਿੱਚ ਮਾਸਟਰ ਡਿਗਰੀ ਦੇ ਕੋਰਸ ਨਹੀਂ ਸਨ, ਜਿਸ ਕਾਰਨ ਯੂਨੀਅਨ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਤੇ ਇਸ ਸ਼ੰਘਰਸ ਸਦਕਾ ਪਿਛਲੇ ਸਾਲ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਾਲਜ ਵਿੱਚ ਮਾਸਟਰ ਡਿਗਰੀ ਦੇ ਕੋਰਸ ਸ਼ੁਰੂ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਪਰ ਸਾਲ ਤੋਂ ਉੱਪਰ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਾਲਜ ਵਿੱਚ ਮਾਸਟਰ ਡਿਗਰੀ ਦੇ ਕੋਰਸ ਸ਼ੁਰੂ ਨਹੀਂ ਕੀਤੇ ਗਏ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਾਲਜ ਵਿੱਚ ਮਾਸਟਰ ਡਿਗਰੀ ਦੇ ਕੋਰਸ ਸਰਕਾਰੀ ਤੌਰ ’ਤੇ ਸ਼ੁਰੂ ਨਹੀਂ ਹੋ ਜਾਂਦੇ ਅਤੇ ਕਾਲਜ ਵਿੱਚੋਂ ਈਵੀਐਮ ਮਸ਼ੀਨਾਂ ਬਾਹਰ ਸ਼ਿਫਟ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।