ਵਿਦਿਆਰਥੀਆਂ ਵੱਲੋਂ ਬਿਰਧ ਆਸ਼ਰਮ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 29 ਮਾਰਚ
ਇਥੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਨੁੱਖਤਾ ਦੀ ਸੇਵਾ ਕੇਂਦਰ ਅਨਾਥ ਆਸ਼ਰਮ ਤੇ ਬਿਰਧ ਆਸ਼ਰਮ ‘ਸੁਪਨਿਆਂ ਦਾ ਘਰ’ ਲੁਧਿਆਣਾ ਦਾ ਦੌਰਾ ਕਰਵਾਇਆ ਗਿਆ, ਜਿਸ ’ਚ ਸਕੂਲ ਦੇ ਪ੍ਰਿੰਸੀਪਲ ਸਮੇਤ 22 ਅਧਿਆਪਕਾਂ ਦੀ ਅਗਵਾਈ ਹੇਠ ਕੁੱਲ 40 ਵਿਦਿਆਰਥੀਆਂ ਨੂੰ ਆਸ਼ਰਮ ਦੇ ਨੁਮਾਇੰਦੇ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜੀਵਨ ਦੇ ਦੁਖਦਾਈ ਤਜਰਬਿਆਂ ਨੂੰ ਧਿਆਨ ਨਾਲ ਸੁਣਿਆ। ਆਸ਼ਰਮ ਦੇ ਨੁਮਾਇੰਦੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਵੱਡੇ ਹੋ ਕੇ ਜੋ ਵੀ ਮੁਕਾਮ ਹਾਸਲ ਕਰਦੇ ਹਨ, ਉਨ੍ਹਾਂ ਨੂੰ ਸੇਵਾ ਦੀ ਭਾਵਨਾ ਨੂੰ ਆਪਣੇ ਮਨ ਵਿਚੋਂ ਨਹੀਂ ਜਾਣ ਦੇਣਾ ਚਾਹੀਦਾ ਤੇ ਕਿਸੇ ਨਾ ਕਿਸੇ ਰੂਪ ਵਿਚ ਘਰ ਤੋਂ ਹੀ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ। ਸਕੂਲ ਵਲੋਂ ਆਪਣੀ ਸਮਰੱਥਾ ਅਨੁਸਾਰ ਆਸ਼ਰਮ ਨੂੰ ਪੈਸੇ ਅਤੇ ਰਾਸ਼ਨ ਦੀ ਸੇਵਾ ਪ੍ਰਦਾਨ ਕੀਤੀ ਗਈ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵੀ ਆਸ਼ਰਮ ਦੇ ਨੁਮਾਇੰਦੇ ਨੂੰ ਸਕੂਲ ਵਲੋਂ ਹਰ ਸੰਭਵ ਸੇਵਾ ਜਾਰੀ ਰੱਖਣ ਦਾ ਵਾਅਦਾ ਕੀਤਾ।