ਵਿਦਿਅਕ ਸੰਸਥਾਵਾਂ ’ਚ ਵਿਸ਼ਵ ਧਰਤ ਦਿਵਸ ਮਨਾਇਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਵਿਸ਼ਵ ਧਰਤ ਦਿਵਸ ਮੌਕੇ ਐੱਨਐੱਸਐੱਸ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸੈਂਟਰ ਫਾਰ ਰੈਸਟੋਰੇਸ਼ਨ ਅਤੇ ਈਕੋਸਿਸਟਮ ਪੰਜਾਬ ਅਤੇ ਇਨਵਾਇਰਨਮੈਂਟ ਸੈੱਲ ਦੇ ਸਹਿਯੋਗ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਜਾਗਰੂਕਤਾ ਰੈਲੀ ਕੀਤੀ ਗਈ। ਐੱਨਐੱਸਐੱਸ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਨੇ ਦੱਸਿਆ ਕਿ ਰੈਲੀ ਦਾ ਮੁੱਖ ਉਦੇਸ਼ ਧਰਤੀ ਦੀ ਸੁੰਦਰਤਾ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ ਅਭਿਨਵ ਭੰਡਾਰੀ, ਡਾ. ਸਿਮਰਨਜੀਤ ਸਿੱਧੂ ਆਦਿ ਨੇ ਵੀ ਹਿੱਸਾ ਲਿਆ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਦੀ ਰਹਿਨੁਮਾਈ ਅਤੇ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਕਮਾਂਡਿੰਗ ਅਫਸਰ ਲੈਂਫਟੀਨੈਂਟ ਕਰਨਲ ਫੈਜ਼ਾਨ ਜਾਹੂਰ ਤੇ ਐੱਸ.ਐੱਮ ਸੁਖਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਐੱਨਸੀਸੀ ਵਿਭਾਗ ਵੱਲੋਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਲੈਫਟੀਨੈਂਟ ਗੁਰਤੇਜ ਸਿੰਘ ਦੀ ਅਗਵਾਈ ਹੇਠ ਐੱਨਐੱਸਐੱਸ ਕੈਡੇਟਾਂ ਵੱਲੋਂ ਧਰਤੀ ਅਤੇ ਰੁੱਖਾਂ ਨਾਲ ਸਬੰਧਤ ਬਣਾਏ ਖੂਬਸੂਰਤ ਪੋਸਟਰ ਪ੍ਰਦਰਸ਼ਿਤ ਕੀਤੇ ਗਏ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੋਸਟ ਗ੍ਰੈਜੂਏਟ ਐਜ਼ੂਕੇਸ਼ਨਲ ਸੁਸਾਇਟੀ ਲਹਿਰਾਗਾਗਾ ਦੇ ਪ੍ਰਧਾਨ ਐੱਲ.ਕੇ. ਖੋਖਰ ਅਤੇ ਜਰਨਲ ਸੈਕਟਰੀ ਪੀਕੇ ਖੋਖਰ ਅਤੇ ਪ੍ਰਿੰਸੀਪਲ ਨਵਦੀਪ ਭਾਰਦਵਾp ਨੇ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸੇ ਤਰ੍ਹਾਂ ਪਿੰਡ ਖੰਡੇਬਾਦ ਦੇ ਸਰਕਾਰੀ ਹਾਈ ਸਕੂਲ ਵਿੱਚ ਅੱਜ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਸਕੂਲ ਅਧਿਆਪਕ ਮਨਜੀਤ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ। ਹੈੱਡ ਮਾਸਟਰ ਅਰੁਣ ਗਰਗ ਨੇ ਵਿਦਿਆਰਥੀਆਂ ਨੂੰ ਦਰੱਖਤ ਲਾਉਣ ਬਾਰੇ ਪ੍ਰੇਰਿਆ।