ਕਣਕ ਦੀ ਚੁਕਾਈ ’ਚ ਤੇਜ਼ੀ ਲਿਆਂਦੀ ਜਾਵੇ: ਭਰਾਜ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਅਪਰੈਲ
ਇੱਥੇ ਮਾਰਕੀਟ ਕਮੇਟੀ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਖ਼ਰੀਦ ਅਧਿਕਾਰੀਆਂ, ਆੜ੍ਹਤੀਆਂ ਅਤੇ ਪੱਲੇਦਾਰਾਂ ਨਾਲ ਮੀਟਿੰਗ ਕਰ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਵਿਧਾਇਕ ਭਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ, ਢੋਆਈ ਅਤੇ ਅਦਾਇਗੀ ਸਬੰਧੀ ਕੀਤੇ ਗਏ ਸਾਰਥਕ ਪ੍ਰਬੰਧਾਂ ਸਦਕਾ ਕੁਦਰਤੀ ਆਫ਼ਤ ਦੇ ਬਾਵਜੂਦ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਮੀਟਿੰਗ ਵਿੱਚ ਮਾਰਕੀਟ ਕਮੇਟੀ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੱਜ ਤੱਕ 9.21 ਲੱਖ ਕੁਇੰਟਲ ਕਣਕ ਦੀ ਆਮਦ ਹੋਈ ਹੈ ਜਿਸ ਦੀ ਖਰੀਦ ਵੀ ਹੋ ਗਈ ਹੈ ਪਰ ਖਰੀਦੀ ਗਈ ਕਣਕ ਵਿੱਚੋਂ 4.12 ਲੱਖ ਕੁਇੰਟਲ ਕਣਕ ਦੀ ਅਜੇ ਢੋਆਈ ਨਹੀਂ ਹੋਈ ਹੈ। ਮੀਟਿੰਗ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਮਿੱਤਲ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਆਦਿ ਹਾਜ਼ਰ ਸਨ।