ਵਾਰਡ 13 ਦੀ ਗਰੇਵਾਲ ਕਲੋਨੀ ’ਚ ਲਾਇਆ ਪ੍ਰਾਪਰਟੀ ਟੈਕਸ ਕੈਂਪ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਾਰਚ
ਸਨਅਤੀ ਸਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਰਿਟਰਨ ਜਮ੍ਹਾਂ ਕਰਾਉਣ ਦੀ ਸਹੂਲਤ ਦੇਣ ਲਈ ਨਗਰ ਨਿਗਮ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਕੈਂਪ ਲਗਾ ਰਿਹਾ ਹੈ ਅਤੇ ਅਜਿਹਾ ਹੀ ਇੱਕ ਕੈਂਪ ਗਰੇਵਾਲ ਕਲੋਨੀ (ਵਾਰਡ ਨੰਬਰ 13) ਵਿੱਚ ਲਗਾਇਆ ਗਿਆ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵੀ ਕੈਂਪ ਦਾ ਨਿਰੀਖਣ ਕੀਤਾ ਅਤੇ ਵਾਸੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੂੰ ਵਸਨੀਕਾਂ ਨੂੰ ਮੁਸ਼ਕਲ ਰਹਿਤ ਸੇਵਾਵਾਂ ਮੁਹੱਈਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਵਸਨੀਕਾਂ ਨੇ ਆਪਣੇ ਪ੍ਰਾਪਰਟੀ ਟੈਕਸ ਰਿਟਰਨ ਜਮ੍ਹਾਂ ਕਰਵਾਏ ਅਤੇ ਇਸ ਪਹਿਲਕਦਮੀ ਲਈ ਨਗਰ ਨਿਗਮ ਦੀ ਸ਼ਲਾਘਾ ਕੀਤੀ।
ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਵਸਨੀਕਾਂ ਨੂੰ ਜੁਰਮਾਨੇ ਤੋਂ ਬਚਣ ਲਈ 31 ਮਾਰਚ ਤੱਕ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਬਿੱਲ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ। ਲੰਬੀਆਂ ਕਤਾਰਾਂ ਤੋਂ ਬਚਣ ਲਈ ਵਸਨੀਕ ਆਨਲਾਈਨ ਵੈੱਬਸਾਈਟ’ਤੇ ਜਾ ਕੇ ਬਕਾਇਆ ਟੈਕਸ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ। ਜੇਕਰ ਸ਼ਹਿਰ ਵਾਸੀ 31 ਮਾਰਚ ਤੱਕ ਟੈਕਸ ਜਮ੍ਹਾਂ ਨਹੀਂ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 20 ਪ੍ਰਤੀਸ਼ਤ ਜੁਰਮਾਨਾ ਅਤੇ 18 ਫ਼ੀਸਦ ਸਾਲਾਨਾ ਵਿਆਜ਼ ਲੱਗੇਗਾ।
ਸ਼ਹਿਰ ਵਾਸੀਆਂ ਨੂੰ ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦੀ ਸਹੂਲਤ ਲਈ ਨਗਰ ਨਿਗਮ ਨੇ ਜ਼ੋਨਲ ਸੁਵਿਧਾ ਕੇਂਦਰਾਂ ਨੂੰ 29 ਮਾਰਚ (ਸ਼ਨਿੱਚਰਵਾਰ), 30 ਮਾਰਚ (ਐਤਵਾਰ) ਅਤੇ 31 ਮਾਰਚ (ਸਰਕਾਰੀ ਛੁੱਟੀ - ਈਦ ਅਲ-ਫਿਤਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਹੈ।