ਵਾਢੀ ਕਰੂੰਗੀ ਬਰਾਬਰ ਤੇਰੇ...
ਮੁਖ਼ਤਾਰ ਗਿੱਲ
ਮੈਨੂੰ ਆਪਣੇ ਬਚਪਨ ਦੀਆਂ ਵਾਢੀਆਂ ਚੇਤੇ ਆ ਗਈਆਂ। ਸਾਡੇ ਬੱਚਿਆਂ ਲਈ ਵਾਢੀਆਂ ਦੇ ਦਿਨ ਰੰਗਲੇ ਅਤੇ ਜਸ਼ਨਾਂ ਦੇ ਦਿਨ ਹੁੰਦੇ ਸਨ। ਕਸੀਰਾਂ ਵਿੱਚ ਛੁਪੇ ਕਣਕਾਂ ਦੇ ਸੁਨਹਿਰੀ ਸਿੱਟੇ ਆਪਣੇ ਪਾਲਣਹਾਰ ਕਿਰਤੀ ਕਿਸਾਨਾਂ ਨੂੰ ਝੁਕ ਝੁਕ ਪ੍ਰਣਾਮ ਕਰਦੇ ਸਨ। ਜਿੱਥੇ ਕਿਸਾਨਾਂ ਦੇ ਚਿਹਰੇ ਖ਼ੁਸ਼ੀ ਤੇ ਖੇੜਿਆਂ ਨਾਲ ਲਿਸ਼ਕ ਰਹੇ ਹੁੰਦੇ ਸਨ, ਉੱਥੇ ਕੁਦਰਤੀ ਕਰੋਪੀ ਬਾਰਿਸ਼, ਤੂਫ਼ਾਨ ਤੇ ਗੜ੍ਹੇਮਾਰੀ ਦੇ ਡਰੋਂ ਚਿੰਤਾ ਵੀ ਸਾਫ਼ ਝਲਕਦੀ ਸੀ।
ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਦੀਆਂ ਸ਼ਾਹਕਾਰ ਕਾਵਿ ਸਤਰਾਂ;
‘ਪੱਕੀ ਖੇਤੀ ਵੇਖ ਕੇ, ਗਰਵ ਕਰੇ ਕਿਰਸਾਨ,
ਵਾਓ, ਝੱਖੜ ਝੋਲਿਓਂ (ਗੜਿਓਂ, ਅਹਿਣੋਂ, ਕੁੰਗੀਓਂ) ਬਾਰਿਸ਼ੋਂ, ਘਰ ਆਵੇ ਤਾਂ ਜਾਣ।’
ਪਿੰਡਾਂ ਦੇ ਲੁਹਾਰ ਤਰ੍ਹਾਂ ਤਰ੍ਹਾਂ ਦੀਆਂ ਦਾਤੀਆਂ ਬਣਾਉਂਦੇ ਸਨ। ਦਸਤਿਆਂ ’ਤੇ ਲਿਸ਼ਕਣੀਆਂ ਪੱਤਰੀਆਂ ਜੜ ਕੇ ਸਜਾਉਂਦੇ ਸਨ। ਖ਼ਾਸ ਸ਼ੌਕੀਨਾਂ ਲਈ ਘੁੰਗਰੂਆਂ ਵਾਲੀਆਂ ਦਾਤੀਆਂ ਤਿਆਰ ਕਰਦੇ ਸਨ। ਦਾਤੀਆਂ ਦੇ ਦੰਦੇ ਕਢਵਾਏ ਜਾਂਦੇ ਸਨ। ਵਾਢੀਆਂ ਮਹੀਨਾ ਡੇਢ ਮਹੀਨੇ ਤੱਕ ਚੱਲਦੀਆਂ ਸਨ। ਭਾਈਚਾਰਕ ਸਾਂਝ ਵਾਲਿਆਂ ਅਤੇ ਸੱਜਣਾਂ ਮਿੱਤਰਾਂ ਦਾ ਵਾਢੀ ਕਰਵਾਉਣ ਲਈ ਸਹਿਯੋਗ ਲਿਆ ਜਾਂਦਾ ਸੀ। ਭਾਵ ਉਨ੍ਹਾਂ ਦਿਨਾਂ ਵਿੱਚ ‘ਮੰਗ’ ਪਾਉਣ ਦਾ ਮਤਲਬ ਰਲ ਮਿਲ, ਭਾਈਚਾਰੇ ਦੇ ਗੱਭਰੂਆਂ ਨੂੰ ਲੈ ਕੇ ਵਾਢੀਆਂ ਕਰਨੀਆਂ ਸਨ। ਇਨ੍ਹਾਂ ਮਹਿਮਾਨ ਵਾਢਿਆਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਜਾਂਦੀ। ਸੂਰਜ ਚੜ੍ਹਨ ਤੋਂ ਪਹਿਲਾਂ ਵਾਢੇ ਖੇਤਾਂ ’ਚ ਪਹੁੰਚ ਜਾਂਦੇ ਸਨ। ਜਦੋਂ ਵਿਸਾਖੀ ਦੇ ਢੋਲ ਵੱਜਦੇ ਸਨ ਤਾਂ ਕਿਰਤੀ ਕਾਮੇ ਵਾਢੀ ਬੈਠਦੇ ਸਨ। ਸ਼ਾਹ ਵੇਲੇ ’ਚ ਪਰਾਂਠੇ, ਆਚਾਰ, ਦਹੀਂ, ਮੱਖਣ ਵਾਲੀ ਲੱਸੀ ਨਾਲ ਲੇੜਾਂ ਲਵਾਈਆਂ ਜਾਂਦੀਆਂ ਸਨ। ਕੁੱਝ ਦੇਰ ਬਾਅਦ ਕਾਨ੍ਹੇ ਗੱਡਵੀਂ ਚਾਹ ਦੇ ਗੱਫੇ ਲਵਾਏ ਜਾਂਦੇ ਸਨ। ਵਾਢੇ ਪਰਾਤਾਂ ’ਚ ਲੱਗ ਜ਼ਿੱਦੋ ਜ਼ਿੱਦੀ ਵੱਢਦੇ ਸਨ। ਭਾਵ ਆਪਣੀ ਸਰੀਰਕ ਕੁਸ਼ਲਤਾ ਦਾ ਪ੍ਰਗਟਾਵਾ ਕਰਦੇ ਸਨ। ਇਸ ਦੌਰਾਨ ਪੈਂਚ (ਝਿਊਰ) ਮੋਢੇ ’ਤੇ ਵਹਿੰਗੀ ਟਿਕਾ, ਘੜਵੰਜੀ ਵਿੱਚ ਦੋ ਠੰਢੇ ਪਾਣੀ ਦੇ ਘੜੇ ਰੱਖੀ ਆ ਜਾਂਦਾ। ਉਹ ਸਾਰੇ ਵਾਢਿਆਂ ਨੂੰ ਠੰਢਾ ਪਾਣੀ ਪਿਆਉਂਦਾ। ਫਿਰ ਬਾਜ਼ੀਗਰ ਡਾਂਗਾਂ, ਸੋਟੀਆਂ, ਗਾਨੀਆਂ ਤੇ ਮਖੇਰਨੇ ਆਦਿ ਵੇਚਣ ਲਈ ਆ ਜਾਂਦੇ ਸਨ। ਉਹ ਮੱਕੜੇ ਬਦਲੇ ਸੋਟੀਆਂ ਆਦਿ ਸਾਮਾਨ ਵੇਚ ਜਾਂਦੇ ਸਨ। ਫਿਰ ਦੁਪਹਿਰ ਦੀ ‘ਹਾਜ਼ਰੀ’। ਮੌਸਮੀ ਸਬਜ਼ੀਆਂ, ਤੰਦੂਰ ਦੀਆਂ ਰੋਟੀਆਂ ਤੇ ਸ਼ੱਕਰ ਘਿਉ ਨਾਲ ਵਾਢੇ ਡੰਜ਼ਾਂ ਲਾਹੁੰਦੇ ਸਨ।
ਦਿਨ ਢਲੇ ਵੱਢੀ ਕਣਕ ਦੀਆਂ ਬੇੜਾਂ ਨਾਲ ਭਰੀਆਂ ਬੰਨ੍ਹੀਆਂ ਜਾਂਦੀਆਂ ਸਨ। ਫਿਰ ਕਾਮੇ ਭਰੀਆਂ ਚੁੱਕ ਚੁੱਕ, ਇੱਕ ਥਾਂ ਲਾ ਖਲਵਾੜਾ ਬਣਾਉਂਦੇ ਸਨ। ਫਿਰ ਵਾਢੇ ਤੇਲ-ਛੇਲ ਲਾ ਨਹਾਉਂਦੇ ਸਨ। ਲਿਸ਼ਕ ਪੁਸ਼ਕ ਹਵੇਲੀ ’ਚ ਡਾਹੇ ਮੰਜੇ ’ਤੇ ਸਜ ਜਾਂਦੇ ਸਨ। ਜੱਗਾਂ ’ਚ ਦੇਸੀ ਸ਼ਰਾਬ ਤੇ ਰਾਜੇ ਵੱਲੋਂ ਦੇਗ ’ਚ ਬਣਾਇਆ ਬੱਕਰੇ ਦਾ ਮੀਟ ਖੁੱਲ੍ਹਾ ਵਰਤਾਇਆ ਜਾਂਦਾ ਸੀ। ਵਾਢੇ ਗੱਪ ਛੱਪ ਮਾਰਦੇ ਖਾ ਖਾ ਕੁੱਖਾਂ ਕੱਢ ਡਿੱਗਦੇ ਢਹਿੰਦੇ ਘਰੋਂ ਘਰੀਂ ਜਾ ਪਹੁੰਚਦੇ। ਇੱਕ ਦੂਸਰੇ ਦੀ ਮਦਦ ਨਾਲ ਵਾਢੀ ਦਾ ਔਖਾ ਕੰੰਮ ਖਾਂਦੇ ਪੀਂਦੇ ਹਾਸੇ ਹਾਸੇ ਵਿੱਚ ਨਿਬੇੜ ਲੈਂਦੇ ਸਨ। ਇਸ ਨਾਲ ਮਿਲਵਰਤਨ ਹੀ ਨਹੀਂ ਸਗੋਂ ਆਪਸ ’ਚ ਭਾਈਚਾਰਕ ਸਾਂਝ ਵੀ ਪੀਢੀ ਹੁੰਦੀ ਸੀ।
ਖਲਵਾੜੇ ਵਿੱਚੋਂ ਚੁੱਕ ਚੁੱਕ ਭਰੀਆਂ ਪਿੜ ਵਿੱਚ ਲਿਆਂਦੀਆਂ ਜਾਂਦੀਆਂ ਸਨ। ਬਜ਼ੁਰਗਾਂ ਵੱਲੋਂ ਟਾਹਲੀ ਦੀ ਛਾਵੇਂ ਬੈਠ, ਲੱਕੜ ਦੇ ਚੌਖਟੇ ਵਿੱਚ ਬੇਰੀਆਂ ਜਾਂ ਕਿੱਕਰ ਦੇ ਛਾਪੇ ਰੱਖ ਤਾਰਾਂ ਨਾਲ ਬੰਨ੍ਹ ‘ਫਲ੍ਹਾ’ ਬਣਾਇਆ ਜਾਂਦਾ ਸੀ। ਗੋਲ ਦਾਇਰੇ ਵਾਲੇ ਪਿੜ ਵਿੱਚ ਭਰੀਆਂ ਨੂੰ ਖੋਲ੍ਹ ਕੇ ਖਿਲਾਰਿਆ ਜਾਂਦਾ ਸੀ। ਫਲ੍ਹੇ ਨੂੰ ਚੁੱਕ ਕੇ ਪਿੜ ਵਿੱਚ ਵਿਛਾਈਆਂ ਭਰੀਆਂ ਉੱਪਰ ਰੱਖ, ਉਸ ਨੂੰ ਅੱਗੇ ਜੋਏ ਬਲਦਾਂ ਦੀ ਪੰਜਾਲੀ ਨੂੰ ਲੱਕੋਂ ਕੁੱਬੀ ਲੱਕੜ ਦੀ ‘ਢੌਅ’ ਨਾਲ ਜੋੜਿਆ ਜਾਂਦਾ ਸੀ। ਪੰਜਾਲੀ ਦੇ ਉੱਪਰਲੇ ਹਿੱਸੇ ਨੂੰ ‘ਜੂਲਾ’ ਅਤੇ ਹੇਠਲੇ ਨੂੰ ‘ਫੱਟ’ ਆਖਦੇ ਸਨ। ਪੰਜਾਲੀ ਦੇ ਦੋਵੇਂ ਪਾਸੀ ਅਰਲੀਆਂ ਹੁੰਦੀਆਂ ਸਨ। ਅਸੀਂ ਬੱਚੇ ਫਲ੍ਹੇ ਉੱਤੇ ਝੂਟਾ ਲੈਣ ਦੀ ਜ਼ਿੱਦ ਕਰਦੇ ਤਾਂ ਸਾਨੂੰ ਫਲ੍ਹੇੇ ’ਤੇ ਝੁੱਲ ਜਾਂ ਦਰੀ ਆਦਿ ਵਿਛਾ ਕੇ ਉਸ ਉੱਤੇ ਬਿਠਾ ਦਿੱਤਾ ਜਾਂਦਾ ਸੀ।
ਫਲ੍ਹੇ ਨਾਲ ਗਾਹ ਕੇ ਬਣਾਈ ਧੜ ਨੂੰ ਫਿਰ ਉਡਾਵੇ ਛੱਜਾਂ ਨਾਲ ਉਡਾ ਦਾਣੇ ਤੇ ਤੂੜੀ ਵੱਖ ਵੱਖ ਕਰ ਦਾਣਿਆਂ ਦਾ ਬੋਹਲ ਬਣਾ ਦਿੰਦੇ ਸਨ। ਬੱਚਿਆਂ ਨੂੰ ਫੱਕਾ/ਰੀੜੀ ਮਿਲਦੀ ਸੀ ਜੋ ਅਸੀ ਲੰਮੇ ਸਾਰੇ ਝੱਗੇ ਦੀ ਝੋਲੀ ਵਿੱਚ ਪਵਾ ਹੱਟੀ ਵੱਲ ਦੌੜ ਜਾਂਦੇ ਸੀ। ਅਸੀਂ ਗੋਲੀ ਵਾਲਾ ਠੰਢਾ ਬੱਤਾ ਪੀਂਦੇ, ਕਿਸਮਤ ਪੁੜੀ ਖਿਚਦੇ ਅਤੇ ਮਿੱਠੀਆਂ ਗੋਲੀਆਂ ਚੂਸਦੇ ਘਰੀਂ ਆ ਵੜਦੇ। ਕਿਸਾਨ ਦੇ ਘਰ ਦਾਣੇ ਆਉਣ ’ਤੇ ਲਾਗੀਆਂ, ਲੁਹਾਰਾਂ, ਤਰਖਣਾਂ, ਸੀਰੀਆਂ ਅਤੇ ਕੰਮ ਵਾਲੀਆਂ ਦੇ ਘਰੀਂ ਅਨਾਜ ਪਹੁੰਚਦਾ ਸੀ। ਹੱਟੀਆਂ ਤੇ ਸ਼ਾਹਾਂ ਦਾ ਹਿਸਾਬ ਨਬੇੜਿਆ ਜਾਂਦਾ ਸੀ। ਸੱਚਮੁੱਚ ਵਾਢੀਆਂ ਦੇ ਰੰਗਲੇ ਦਿਨ ਹੁੰਦੇ ਸਨ। ਜਦੋਂ ਮੁਟਿਆਰ ਆਪਣੇ ਹਾਣੀ ਨੂੰ ਕਹਿੰਦੀ ਸੀ;
ਵਾਢੀ ਕਰੂੰਗੀ ਬਰਾਬਰ ਤੇਰੇ, ਦਾਤੀ ਨੂੰ ਲਵਾਦੇ ਘੁੰਗਰੂ।
ਨਿਰਸੰਦੇਹ ‘ਵਾਢੀਆਂ ਦੇ ਉਹ ਰੰਗਲੇ ਦਿਨ’ ਲੋਪ ਹੋ ਗਏ ਹਨ। ਹੁਣ ਮਸ਼ੀਨੀਕਰਨ ਨਾਲ ਪਲਾਂ ਵਿੱਚ ਹੀ ਏਕੜਾਂ ਦੇ ਰਕਬੇ ਵਿੱਚ ਖੜ੍ਹੀ ਕਣਕ ਦੀ ਵਾਢੀ ਤੇ ਕਢਾਈ ਨਾਲੋ ਨਾਲ ਹੋ ਜਾਂਦੀ ਹੈ।
ਸੰਪਰਕ: 98140-82217