ਟਿੱਪਰ ਹਾਦਸਾ: ਮੰਗਾਂ ਸਬੰਧੀ ਵਫ਼ਦ ਮੁੰਡੀਆਂ ਨੂੰ ਮਿਲਿਆ
ਗੁਰਿੰਦਰ ਸਿੰਘ
ਲੁਧਿਆਣਾ 29 ਮਾਰਚ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਗਰ ਨਿਗਮ ਦੇ ਟਿੱਪਰ ਨਾਲ ਹੋਈ ਟੱਕਰ ਵਿੱਚ ਮਾਰੇ ਗਏ 3 ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨਗਰ ਨਿਗਮ ਵਿੱਚ ਪੱਕੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਹੈ। ਬੀਤੇ ਦਿਨੀਂ ਹੋਲੀ ਵਾਲੇ ਦਿਨ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਪੈਂਦੇ ਤਾਜਪੁਰ ਰੋਡ ’ਤੇ ਤੇਜ਼ ਗਤੀ ਤੇ ਲਾਪਰਵਾਹੀ ਨਾਲ ਚਲਾਏ ਜਾ ਰਹੇ ਨਗਰ ਨਿਗਮ ਦੇ ਇੱਕ ਟਿੱਪਰ ਨੇ ਪਿੰਡ ਭਾਮੀਆਂ ਕਲ੍ਹਾਂ ਦੇ ਅਕਾਸ਼ਦੀਪ ਸਿੰਘ, ਭਾਮੀਆਂ ਖੁਰਦ ਦੀ ਕ੍ਰਿਸ਼ਨਾ ਕਲੋਨੀ ਦੇ ਸੁੰਦਰਮ ਅਤੇ ਸਾਹਾਬਣਾ ਸਥਿਤ ਗੁਰੂ ਨਾਨਕ ਅਸਟੇਟ ਦੇ ਅੰਕੁਸ਼ ਨੂੰ ਦਰੜ੍ਹ ਕੇ ਮਾਰ ਦਿੱਤਾ ਸੀ।
ਤਿੰਨਾਂ ਪੀੜਤ ਗਰੀਬ ਪਰਿਵਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਅੱਜ ਹਲਕਾ ਸਾਹਨੇਵਾਲ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ, ਬਸਪਾ ਆਗੂ ਜਗਤਾਰ ਸਿੰਘ, ਸਰਪੰਚ ਨੇਹਾ ਚੌਰਸੀਆ, ਸਰਪੰਚ ਪਰਮਿੰਦਰ ਸਿੰਘ, ਬਲਬੀਰ ਸਿੰਘ ਕਮਾਂਡਰ ਅਤੇ ਬਲਵਿੰਦਰ ਸਿੰਘ ਰੋਡਾ ਨੇ ਮੰਤਰੀ ਮੁੰਡੀਆਂ ਨੂੰ ਦੱਸਿਆ ਕਿ ਤਿੰਨੇ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਇਨ੍ਹਾਂ ਬੱਚਿਆਂ ਨੇ ਮੈਰਿਟ ’ਚ ਆ ਕੇ ਮੈਰੀਟੋਰੀਅਸ ਸਕੂਲਾਂ ’ਚ ਨਾਨ ਮੈਡੀਕਲ ਗਰੁੱਪ ’ਚ ਦਾਖਲਾ ਲਿਆ ਸੀ ਅਤੇ ਇਸ ਸਾਲ ਹੀ ਉਹ ਬਾਰਵੀਂ ਪਾਸ ਕਰਨ ਜਾ ਰਹੇ ਸਨ। ਇਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਪਰਿਵਾਰ ਦਾ ਸਹਾਰਾ ਬਣਨਾ ਸੀ ਪਰ ਇਸ ਅਣਹੋਣੀ ਨੇ ਸਾਰਿਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਸ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ ਪਰ ਪੰਜਾਬ ਸਰਕਾਰ ਅਤੇ ਨਗਰ ਨਿਗਮ ਆਰਥਿਕ ਸਹਾਇਤਾ ਦੇ ਨਾਲ ਨਾਲ ਜੇਕਰ ਹਰੇਕ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਨਗਰ ਨਿਗਮ ’ਚ ਯੋਗਤਾ ਦੇ ਆਧਾਰ ‘ਤੇ ਪੱਕੀ ਨੌਕਰੀ ਦੇ ਦਿੰਦੀ ਹੈ ਤਾਂ ਇਹ ਪਰਿਵਾਰਾਂ ਦੇ ਜ਼ਖਮਾਂ ’ਤੇ ਮਲ੍ਹਮ ਲਗਾਉਣ ਵਾਂਗ ਹੋਵੇਗਾ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਇਹ ਮੰਗਾਂ ਰੱਖ ਕੇ ਉਨ੍ਹਾਂ ਨੂੰ ਪੂਰਾ ਕਰਵਾਉਣ ਦਾ ਪੂਰਾ ਯਤਨ ਕਰਨਗੇ।