ਲੋਕ ਨਿਰਮਾਣ ਮੰਤਰੀ ਵੱਲੋਂ ਬਾਰਾਪੁਲਾ ਪ੍ਰਾਜੈਕਟ ਦਾ ਜਾਇਜ਼ਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਲਟਕ ਰਹੇ ਬਾਰਾਪੁਲਾ ਫ਼ੇਜ਼-3 ਦੇ ਫਲਾਈਓਵਰ ਪ੍ਰਾਜੈਕਟ ਨੂੰ ਇਸ ਸਾਲ ਦਸੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਪਰਵੇਸ਼ ਵਰਮਾ ਨੇ ਅੱਜ ਪ੍ਰਾਜੈਕਟ ਵਾਲੀ ਥਾਂ ਦਾ ਦੌਰਾ ਕਰ ਕੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿੱਚ ਹੀ ਕੰਮ ’ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਨਿਰਮਾਣ ਕਰਨ ਵਾਲੀ ਕੰਪਨੀ ਨੇ ਭੁਗਤਾਨ ਨਾ ਹੋਣ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ। ਉਨ੍ਹਾਂ ਨੇ ਬਕਾਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਿਛਲੀ ਵਾਰ ਜਦੋਂ ਉੱਥੇ ਗਏ ਸੀ ਤਾਂ ਕੰਮ ਰੁਕਿਆ ਹੋਇਆ ਸੀ ਪਰ ਹੁਣ ਪੁਲ ਲਗਭਗ ਤਿਆਰ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਠੇਕੇਦਾਰਾਂ ਦੀਆਂ ਅਦਾਇਗੀਆਂ ਜਾਰੀ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਵੱਡੀ ਦੇਰੀ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨੇ ਕਿਹਾ ਕਿ ਇਸ ਸਾਲ ਦਸੰਬਰ ਤੱਕ ਇਸ ਪੁਲ ਨੂੰ ਆਵਾਜਈ ਲਈ ਖੋਲ੍ਹਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਪ੍ਰਾਜੈਕਟ ਹੈ ਅਤੇ ਪਿਛਲੀ ਸਰਕਾਰ ਨੇ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸ ਨਾਲ ਪ੍ਰਾਜੈਕਟ ਦੀ ਲਾਗਤ ਵਧ ਗਈ ਅਤੇ ਕੰਮ ਵਿੱਚ ਵੀ ਦੇਰੀ ਹੋਈ। ਬਾਰਾਪੁਲਾ ਫੇਜ਼-III ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਮਯੂਰ ਵਿਹਾਰ-1 (ਪੂਰਬੀ ਦਿੱਲੀ) ਅਤੇ ਏਮਜ਼ (ਦੱਖਣੀ ਦਿੱਲੀ) ਵਿਚਕਾਰ ਯਾਤਰਾ ਸੁਚਾਰੂ ਹੋ ਜਾਵੇਗੀ। ਨਵਾਂ ਫਲਾਈਓਵਰ ਸਰਾਏ ਕਾਲੇ ਖਾਨ ਵਿੱਚ ਮੌਜੂਦਾ ਬਾਰਾਪੁਲਾ ਫਲਾਈਓਵਰ ਨੂੰ ਜੋੜੇਗਾ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ’ਤੇ 98 ਫ਼ੀਸਦ ਕੰਮ ਪੂਰਾ ਹੋ ਗਿਆ ਹੈ, ਪਰ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਫਲਾਈਓਵਰ ਦੇ ਬਾਕੀ ਹਿੱਸੇ ’ਤੇ ਕੰਮ ਵਿੱਚ ਦੇਰੀ ਹੋ ਰਹੀ ਹੈ। ਲਗਪਗ 200 ਰੁੱਖਾਂ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ। ਪ੍ਰਾਜੈਕਟ 2017 ਵਿੱਚ ਪੂਰਾ ਹੋਣਾ ਸੀ ਪਰ ਕਈ ਕਾਰਨਾਂ ਕਰਕੇ ਦੇਰੀ ਹੋ ਗਈ। ਪਰਵੇਸ਼ ਵਰਮਾ ਨੇ ਕਿਹਾ, ‘‘ਅਸੀਂ ਨਿਰਮਾਣ ਸਥਾਨ ਤੋਂ ਰੁੱਖਾਂ ਨੂੰ ਹਟਾਉਣ ਲਈ ਪ੍ਰਵਾਨਗੀ ਲਈ ਲੰਬਿਤ ਮਾਮਲੇ ’ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਜਲਦੀ ਹੀ ਪ੍ਰਵਾਨਗੀ ਮਿਲ ਜਾਵੇਗੀ ਅਤੇ ਪ੍ਰਾਜੈਕਟ ਪੂਰਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਬਾਰਾਪੁਲਾ ਫੇਜ਼-III ਪ੍ਰਾਜੈਕਟ 2015 ਤੋਂ ਨਿਰਮਾਣ ਅਧੀਨ ਹੈ ਤੇ ਬਾਰਾਪੁਲਾ ਫਲਾਈਓਵਰ ਦੇ ਪੜਾਅ 1, 2 ਅਤੇ 3 ਕੋਰੀਡੋਰ ਦੀ ਕੁੱਲ ਲੰਬਾਈ 9.5 ਕਿਲੋਮੀਟਰ ਹੈ।