ਲੋਕਤੰਤਰ ’ਚ ਸ਼ਾਸਨ ਦੀ ਵਾਗਡੋਰ ਸਿਰਫ਼ ਕਾਰਜਪਾਲਿਕਾ ਦੇ ਹੱਥ: ਧਨਖੜ
ਨਵੀਂ ਦਿੱਲੀ, 2 ਅਪਰੈਲ
ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸਰਕਾਰ ‘ਸਭ ਤੋਂ ਉੱਪਰ’ ਹੈ ਅਤੇ ਲੋਕਤੰਤਰ ਵਿੱਚ ਸ਼ਾਸਨ ਸਿਰਫ਼ ਕਾਰਜਪਾਲਿਕਾ ਵੱਲੋਂ ਹੋ ਸਕਦਾ ਹੈ ਅਦਾਲਤਾਂ ਵੱਲੋਂ ਨਹੀਂ, ਕਿਉਂਕਿ ਕਾਰਜਪਾਲਿਕਾ ਸੰਸਦ ਅਤੇ ਉਸ ਨੂੰ ਚੁਣਨ ਵਾਲੇ ਲੋਕਾਂ ਪ੍ਰਤੀ ਜਵਾਬਦੇਹ ਹੁੰਦੀ ਹੈ। ਧਨਖੜ ਨੇ ਪ੍ਰਸ਼ਨਕਾਲ ਦੌਰਾਨ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਡੀਐੱਮਕੇ ਦੀ ਮੈਂਬਰ ਕਨੀਮੋੜੀ ਐੱਨਵੀਐੱਨ ਸੋਮੂ ਦੀ ਕੌਮੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ) ਦੇ ਵਿਕੇਂਦਰੀਕਰਨ ਦੀ ਮੰਗ ਦਾ ਜਵਾਬ ਦਿੰਦੇ ਹੋਏ ਸੁਪਰੀਮ ਕੋਰਟ ਦੇ ਹੁਕਮਾਂ ਦਾ ਜ਼ਿਕਰ ਕੀਤਾ। ਸੋਮੂ ਨੇ ਸਵਾਲ ਕੀਤਾ ਸੀ ਕਿ ਸਰਕਾਰ ਦਾਖ਼ਲੇ ਲਈ ਪ੍ਰੀਖਿਆਵਾਂ ਨੂੰ ਆਪਣੀਆਂ ਸੰਸਥਾਵਾਂ ਤੱਕ ਹੀ ਸੀਮਿਤ ਕਿਉਂ ਨਹੀਂ ਰੱਖ ਸਕਦੀ ਅਤੇ ਉਥੇ ਵਿਕੇਂਕਰੀਕਰਨ ਕਿਉਂ ਨਹੀਂ ਕਰ ਸਕਦੀ, ਜਿੱਥੇ ਸੂਬੇ ਬੋਰਡ ਪ੍ਰੀਖਿਆਵਾਂ ਵਿੱਚ ਹਾਸਲ ਅੰਕਾਂ ਦੇ ਆਧਾਰ ’ਤੇ ਸੀਟਾਂ ਭਰਦੇ ਹਨ।’’ ਪ੍ਰਧਾਨ ਨੇ ਕੇਂਦਰੀਕ੍ਰਿਤ ਪ੍ਰੀਖਿਆ ਪ੍ਰਣਾਲੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦੀ ਸ਼ੁਰੂਆਤ ਪਿਛਲੀ ਯੂਪੀਏ ਸਰਕਾਰ ਨੇ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਇਕ ਨਿਰਦੇਸ਼ ਦਿੱਤਾ ਹੈ ਅਤੇ ਮੈਡੀਕਲ ਦਾਖ਼ਲਾ ਪ੍ਰੀਖਿਆ ਕੇਂਦਰੀਕ੍ਰਿਤ ਹੈ। ਉਨ੍ਹਾਂ ਕਿਹਾ, ‘‘ਸਵਾਲ ਦਾ ਮੂਲ ਇਹ ਹੈ ਕਿ ਤੁਸੀਂ ਨੀਟ ਪ੍ਰੀਖਿਆ ਨੂੰ ਖ਼ਤਮ ਕਿਉਂ ਨਹੀਂ ਕਰ ਦਿੰਦੇ ਅਤੇ ਸੂਬਿਆਂ ਨੂੰ ਅਧਿਕਾਰ ਕਿਉਂ ਨਹੀਂ ਦਿੰਦੇ।’’ ਉਨ੍ਹਾਂ ਕਨੀਮੋੜੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਪਿਛਲੀ ਯੂਪੀਏ ਸਰਕਾਰ ਨੇ ਇਸ ਮਾਡਲ ਦੀ ਸ਼ੁਰੂਆਤ ਕੀਤੀ ਸੀ। ਸਾਨੂੰ ਇਸ ਨੂੰ ਅੱਗੇ ਵਧਾਉਣਾ ਹੋਵੇਗਾ। ਉਹ ਉਸ ਸਰਕਾਰ ਦਾ ਹਿੱਸਾ ਸੀ। ਉਸ ਸਮੇਂ ਉਹ ਇਹ ਇਤਰਾਜ਼ ਕਰ ਸਕਦੀ ਸੀ।’’ -ਪੀਟੀਆਈ