Manipur: ਮਨੀਪੁਰ ਵਿੱਚ ਨਾਬਾਲਗ ਸਣੇ ਚਾਰ ਅਤਿਵਾਦੀ ਗ੍ਰਿਫ਼ਤਾਰ
ਇੰਫਾਲ, 6 ਅਪਰੈਲ
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਬਿਸ਼ਨੂਪੁਰ ਅਤੇ ਕਾਕਚਿੰਗ ਜ਼ਿਲ੍ਹਿਆਂ ਵਿੱਚ ਦੋ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਇੱਕ ਨਾਬਾਲਗ ਸਣੇ ਚਾਰ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਡਬਲਯੂਜੀ) (Kangleipak Communist Party (PWG) ਦੇ ਇੱਕ ਮੈਂਬਰ ਨੂੰ ਸ਼ਨਿਚਰਵਾਰ ਨੂੰ ਬਿਸ਼ਨੂਪੁਰ ਦੇ ਮੋਇਰਾਂਗ ਓਕਸ਼ੋਂਗਬੰਗ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਇੱਕ ਨਾਬਾਲਗ, ਜੋ ਕੇਸੀਪੀ (ਐਮਸੀ ਪ੍ਰੋਗਰੈਸਿਵ) ਦਾ ਇੱਕ ਸਰਗਰਮ ਮੈਂਬਰ ਹੈ, ਨੂੰ ਜ਼ਿਲ੍ਹੇ ਦੇ ਨੰਬੋਲ ਬਾਜ਼ਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਸ਼ਨੂਪੁਰ ਦੇ ਨਿੰਗਥੂਖੋਂਗ ਤੋਂ ਗੈਰ-ਕਾਨੂੰਨੀ KCP-PWG ਦੇ ਇੱਕ ਸਰਗਰਮ ਕਾਰਕੁਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਕਾਕਚਿੰਗ ਜ਼ਿਲ੍ਹੇ ਦੇ ਹਯਾਂਗਲਮ ਵਿੱਚ, ਸੁਰੱਖਿਆ ਬਲਾਂ ਨੇ ਇੱਕ ਤਲਾਸ਼ੀ ਮੁਹਿੰਮ ਦੌਰਾਨ ਯੂਨਾਈਟਿਡ ਪੀਪਲਜ਼ ਪਾਰਟੀ ਆਫ ਕਾਂਗਲੇਈਪਾਕ (ਯੂਪੀਪੀਕੇ) ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਕਿਹਾ ਇਸੇ ਦੌਰਾਨ ਪੁਲੀਸ ਵੱਲੋਂ ਸ਼ਨਿਚਰਵਾਰ ਨੂੰ ਜਿਰੀਬਾਮ ਜ਼ਿਲ੍ਹੇ ਵਿੱਚ ਇੱਕ ਹੋਰ ਤਲਾਸ਼ੀ ਮੁਹਿੰਮ ਦੌਰਾਨ ਕਈ ਹਥਿਆਰ ਬਰਾਮਦ ਕੀਤੇ ਗਏ। -ਪੀਟੀਆਈ