ਅਮਿਤਾਭ ਬੱਚਨ ਨੇ ਪੁੱਛਿਆ ਕਿਵੇਂ ਵਧਣਗੇ X ਫਾਲੋਅਰ ?, ਫੈਨ ਨੇ ਕਿਹਾ ‘ਰੇਖਾ ਜੀ ਨਾਲ ਇਕ ਨਾਲ ਸੈਲਫੀ’
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 14 ਅਪਰੈਲ
ਅਮਿਤਾਭ ਬੱਚਨ ਨੇ ਹਾਲ ਹੀ ਵਿਚ X (ਪਹਿਲਾਂ ਟਵਿੱਟਰ) ’ਤੇ ਇੱਕ ਹਾਸੋਹੀਣਾ ਮੁੱਦਾ ਸਾਂਝਾ ਕੀਤਾ। ਆਨਲਾਈਨ ਸਭ ਤੋਂ ਵੱਧ ਸਰਗਰਮ ਹਸਤੀਆਂ ਵਿੱਚੋਂ ਇਕ ਹੋਣ ਦੇ ਬਾਵਜੂਦ ਉਹ ਸੋਸ਼ਲ ਮੀਡੀਆ ’ਤੇ ਇਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇਕ ਟਵੀਟ ਵਿਚ ਮਸ਼ਹੂਰ ਅਦਾਕਾਰ ਨੇ ਕਿਹਾ, ‘‘ ਬਹੁਤ ਕੋਸ਼ਿਸ਼ ਕਰ ਰਿਹਾ ਹਾਂ, ਫਾਲੋਅਰਜ਼ ਦੀ ਗਿਣਤੀ 49 ਮਿਲੀਅਨ ਤੋਂ ਵਧ ਨਹੀਂ ਰਹੀ। ਕੁੱਝ ਉਪਾਅ ਦੱਸੋ’’।
ਪ੍ਰਸ਼ੰਸਕਾਂ ਨੇ ਜਲਦੀ ਹੀ ਮਜ਼ੇਦਾਰ ਅਤੇ ਕਲਪਨਾਤਮਕ ਸਲਾਹਾਂ ਦੀ ਇਕ ਲਹਿਰ ਚਲਾ ਦਿੱਤੀ, ਜਿਸ ਵਿਚ ਰੀਲਾਂ ਅਤੇ ਕਲਿੱਪ ਪੋਸਟ ਕਰਨ ਤੋਂ ਲੈ ਕੇ ਜਯਾ ਬੱਚਨ ਨਾਲ ਤਸਵੀਰਾਂ ਸਾਂਝੀਆਂ ਕਰਨ ਤੱਕ ਕਈ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਗਈਆਂ ਹਨ।
ਇਕ ਯੂਜ਼ਰ ਨੇ ਜਵਾਬਾਂ ਵਿਚ ਮਜ਼ਾਕ ’ਚ ਕਿਹਾ, “ਪਤਨੀ ਜਯਾ ਜੀ ਨਾਲ ਕਲੇਸ਼ ਕਰ ਲਓ ਅਤੇ ਉਸਦਾ ਵੀਡੀਓ ਸਾਨੂੰ ਭੇਜੋ।” ਇੱਕ ਹੋਰ ਨੇ ਕਿਹਾ, “ਪੈਟਰੋਲ ਦੀਆਂ ਕੀਮਤਾਂ 'ਤੇ ਇੱਕ ਵਾਰ ਟਿੱਪਣੀ ਕਰੋ ਅਤੇ ਦੇਖੋ ਕੀ ਹੁੰਦਾ ਹੈ।” ਇਸ ਦੌਰਾਨ ਇਕ ਹੋਰ ਵਿਅਕਤੀ ਨੇ ਸੁਝਾਅ ਦਿੱਤਾ, “ਰੇਖਾ ਜੀ ਨਾਲ ਸੈਲਫੀ ਅਤੇ ਫਿਰ ਦੇਖੋ, ਧੰਨਵਾਦ ਬਾਅਦ ਵਿਚ ਬੋਲ ਦਿਓ।”
ਅਮਿਤਾਭ ਬੱਚਨ ਹਮੇਸ਼ਾ ਆਪਣੇ ਫੈਨਜ਼ ਨਾਲ ਜੁੜੇ ਰਹਿਣ ਲਈ ਕੁੱਝ ਨਾ ਕੁੱਝ ਅਜਿਹੀ ਸਰਗਰਮੀ ਕਰਦੇ ਰਹਿੰਦੇ ਹਨ। ਉਨ੍ਹਾਂ ਵੱਲੋਂ ਹੋਸਟ ਕੀਤਾ ਜਾਂਦਾ "ਕੌਣ ਬਨੇਗਾ ਕਰੋੜਪਤੀ" ਆਪਣੇ 17ਵੇਂ ਸੀਜ਼ਨ ਲਈ ਤਿਆਰ ਹੈ। 11 ਮਾਰਚ ਨੂੰ ਸੀਜ਼ਨ 16 ਦੇ ਸਮਾਪਤ ਹੋਣ ਤੋਂ ਸਿਰਫ਼ 24 ਦਿਨ ਬਾਅਦ ਇਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ। ਇਸ ਮਹੀਨੇ ਰਜਿਸਟ੍ਰੇਸ਼ਨਾਂ ਸ਼ੁਰੂ ਹੋਣ ਦੇ ਨਾਲ ਕੇਬੀਸੀ 17 ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।