ਲੁਧਿਆਣਾ ਵਿੱਚ ਰੂਰਲ-ਅਰਬਨ ਹੈਰੀਟੇਜ਼ ਮੇਲਾ ਸ਼ੁਰੂ
ਸਥਾਨਕ ਸਰਕਾਰੀ ਕਾਲਜ ਲੜਕੀਆਂ ਦੇ ਖੇਡ ਮੈਦਾਨ ਵਿੱਚ 10 ਰੋਜ਼ਾ ਰੂਰਲ-ਅਰਬਨ ਹੈਰੀਟੇਜ਼ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿੱਚ ਜਿੱਥੇ ਹੱਥ ਨਾਲ ਵੱਖ ਵੱਖ ਵਸਤਾਂ ਬਣਾਉਣ ਵਾਲੇ ਕਾਰੀਗਰ ਸ਼ਿਰਕਤ ਕਰ ਰਹੇ ਹਨ ਉੱਥੇ ਰੋਜ਼ਾਨਾਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਸੂਫੀ ਪ੍ਰੋਗਰਾਮ ਆਉਣ ਵਾਲਿਆਂ ਲਈ ਖਿੱਚ ਦਾ ਕੇਂਦਰ ਰਹਿਣਗੇ। ਇਸ ਮੇਲੇ ਵਿੱਚ ਵੱਖ ਵੱਖ 7 ਦੇਸ਼ਾਂ ਅਤੇ 20 ਸੂਬਿਆਂ ਦੇ ਕਲਾਕਾਰ ਹਿੱਸਾ ਲੈ ਰਹੇ ਹਨ।
ਇਸ ਮੇਲੇ ਦੇ ਪ੍ਰਬੰਧਕਾਂ ਸੁਨੀਲ ਵਰਮਾ ਅਤੇ ਵਰੁਣ ਵਰਮਾ ਦਾ ਕਹਿਣਾ ਹੈ ਕਿ ਇਸ ਮੇਲੇ ਵਿੱਚ ਲਾਖ ਦੀਆਂ ਚੂੜ੍ਹੀਆਂ ਬਨਾਉਣ ਵਾਲੇ ਐਵਾਰਡ ਜੇਤੂ ਕਲਾਕਾਰ ਇਸਲਾਮ ਅਹਿਮਦ ਅਤੇ ਸੰਤ ਕਬੀਰ ਐਵਾਰਡੀ ਰਪੋਲੂ ਰਾਮਾਲਿੰਗਮ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਲਾਖ ਦੀਆਂ ਚੂੜੀਆਂ ਬਣਾਉਣ ਵਾਲੇ ਕਲਾਕਾਰਾਂ ਵੱਲੋਂ ਲਾਈਵ ਵਰਕਸ਼ਾਪ ਵੀ ਲਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿੱਚ ਸਕੂਲਾਂ ਦੇ ਵਿਦਿਆਰਥੀ ਵੀ ਸ਼ਿਰਕਤ ਕਰ ਸਕਣਗੇ। ਮੇਲੇ ਦੇ ਪਹਿਲੇ ਦਿਨ ਵੱਖ ਵੱਖ ਸਟਾਲਾਂ ’ਤੇ ਹੱਥ ਨਾਲ ਬਣਾਈਆਂ ਵਸਤਾਂ ਸਜਾ ਕੇ ਰੱਖੀਆਂ ਹੋਈਆਂ ਸਨ। ਇੰਨਾਂ ਵਿੱਚ ਚੂੜੀਆਂ ਤੋਂ ਇਲਾਵਾ ਮੂਰਤੀਆਂ, ਤਰ੍ਹਾਂ ਤਰ੍ਹਾਂ ਦੇ ਭਾਂਡੇ, ਲੱਕੜ ਦਾ ਸਮਾਨ, ਕੱਪੜੇ ਅਤੇ ਹੋਰ ਸਮਾਨ ਲੁਧਿਆਣਵੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਸੁਲਤਾਨਾ ਨੂਰਾ ਵੱਲੋਂ ਸੂਫੀ ਸ਼ਾਮ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਜਾਵੇਗੀ ਜਦਕਿ ਤੀਜੇ ਦਿਨ ਸੂਬੀ ਬੈਂਡ ਸੁਹੈਲ ਦੀ ਪੇਸ਼ਕਾਰੀ, ਚੌਥੇ ਦਿਨ ਨਿਆਜ਼ੀ ਬ੍ਰਦਰਜ਼ ਵੱਲੋਂ ਕਵਾਲੀਆਂ ਅਤੇ ਪੰਜਵੇਂ ਦਿਨ ਹਰਮਨ-ਜਰਮਨ ਦੀ ਜੋੜੀ ਪੇਸ਼ਕਾਰੀ ਕਰੇਗੀ। ਇਸੇ ਤਰ੍ਹਾਂ ਛੇਵੇਂ ਦਿਨ ਅਲੀ ਜਾਇਨ, ਸੱਤਵੇਂ ਦਿਨ ਲਖਵਿੰਦਰ ਵਡਾਲੀ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਅਤੇ ਕਠਪੁਤਲੀ ਨਾਚ ਵੀ ਲੁਧਿਆਣਾ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ।