ਲਾਵਾਰਸ ਪਸ਼ੂਆਂ ਨੇ ਮੁੱਖ ਮੰਤਰੀ ਦੇ ਕਾਫਲੇ ਨੂੰ ਬਰੇਕਾਂ ਲਾਈਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਾਰਚ
ਲਾਵਾਰਸ ਪਸ਼ੂਆਂ ਕਾਰਨ ਮੁੱਖ ਮੰਤਰੀ ਰੇਖਾ ਗੁਪਤਾ ਦੇ ਕਾਫਲੇ ਨੂੰ ਅਚਾਨਕ ਦਿੱਲੀ ਫਲਾਈਓਵਰ ’ਤੇ ਬਰੇਕਾਂ ਲਾਉਣੀਆਂ ਪਈਆਂ। ਡਰਾਈਵਰ ਦੀ ਹੁਸ਼ਿਆਰੀ ਕਾਰਨ ਮੁੱਖ ਮੰਤਰੀ ਦੀ ਕਾਰ ਰੁਕ ਗਈ ਅਤੇ ਇੱਕ ਵੱਡਾ ਹਾਦਸਾ ਟਲ ਗਿਆ। ਮੁੱਖ ਮੰਤਰੀ ਰੇਖਾ ਗੁਪਤਾ ਦੇ ਕਾਫਲੇ ਨੂੰ ਅੱਜ ਸਵੇਰੇ ਹੈਦਰਪੁਰ ਫਲਾਈਓਵਰ ’ਤੇ ਹੰਗਾਮੀ ਹਾਲਤ ਵਿੱਚ ਰੋਕਣਾ ਪਿਆ ਕਿਉਂਕਿ ਅੱਧੀ ਦਰਜਨ ਆਵਾਰਾ ਪਸ਼ੂ ਸੜਕ ’ਤੇ ਜਮ੍ਹਾਂ ਹੋ ਗਏ। ਮੁੱਖ ਮੰਤਰੀ ਲਾਵਾਰਸ ਗਊਆਂ ਨੂੰ ਦੇਖ ਕੇ ਕਾਰ ਤੋਂ ਬਾਹਰ ਨਿਕਲੀ ਅਤੇ ਅਧਿਕਾਰੀਆਂ ਨੂੰ ਪਸ਼ੂਆਂ ਲਈ ਆਸਰਾ ਲੱਭਣ ਲਈ ਕਿਹਾ। ਇਕ ਚਸ਼ਮਦੀਦ ਮੁਤਾਬਕ ਫਲਾਈਓਵਰ ’ਤੇ ਲਾਵਾਰਸ ਪਸ਼ੂਆਂ ਨੂੰ ਦੇਖਦੇ ਹੋਏ ਡਰਾਈਵਰ ਨੇ ਸਮੇਂ ਤੇ ਬਰੇਕ ਲਗਾ ਲਈ। ਰੇਖਾ ਗੁਪਤਾ ਦੇ ਦਫ਼ਤਰ ਦੀ ਵੀਡੀਓ ਵਿੱਚ ਮੁੱਖ ਮੰਤਰੀ ਫਲਾਈਓਵਰ ’ਤੇ ਜਾਨਵਰਾਂ ਬਾਰੇ ਪੁੱਛ-ਗਿੱਛ ਕਰਦੀ ਦਿਖਾਈ ਦਿੱਤੀ। ਉਨ੍ਹਾਂ ਫਲਾਈਓਵਰ ’ਤੇ ਲਗਪਗ 15 ਮਿੰਟ ਬਿਤਾਏ, ਆਵਾਰਾ ਗਾਵਾਂ ਨੂੰ ਉੱਥੋਂ ਜਾਣ ਦੀ ਉਡੀਕ ਕੀਤੀ। ਮੁੱਖ ਮੰਤਰੀ ਨੇ ਬਾਅਦ ਵਿੱਚ ਅਧਿਕਾਰੀਆਂ ਨੂੰ ਲਾਵਾਰਸ ਪਸ਼ੂਆਂ ਨੂੰ ਸੜਕਾਂ ਅਤੇ ਫਲਾਈਓਵਰਾਂ ’ਤੇ ਘੁੰਮਣ ਤੋਂ ਰੋਕਣ ਲਈ ਉਪਾਅ ਲਾਗੂ ਕਰਨ ਲਈ ਕਿਹਾ। ਇਹ ਘਟਨਾ ਉਦੋਂ ਵਾਪਰੀ ਜਦੋਂ ਸ੍ਰੀਮਤੀ ਗੁਪਤਾ ਬਜਟ ਪੇਸ਼ ਕਰਨ ਤੋਂ ਇਕ ਦਿਨ ਬਾਅਦ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਹਲਕਿਆਂ ਵਿੱਚ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਮੈਟਰੋ ਦੇ ਖੰਭਿਆਂ ਦਾ ਮੁਆਇਨਾ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ’ਤੇ ਲਟਕਦੇ ਪੋਸਟਰਾਂ ਅਤੇ ਹੋਰਡਿੰਗਾਂ ’ਤੇ ਇਤਰਾਜ਼ ਕੀਤਾ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਹਟਾਉਣ ਲਈ ਕਿਹਾ।