ਹਾੜ੍ਹੀ ਦੀਆਂ ਫ਼ਸਲਾਂ ਦੀ ਖਰੀਦ ਸਬੰਧੀ ਤਿਆਰੀਆਂ
ਪੱਤਰ ਪ੍ਰੇਰਕ
ਜੀਂਦ, 29 ਮਾਰਚ
ਆਗਾਮੀ ਹਾੜ੍ਹੀ ਫਸਲਾਂ ਦੀ ਖਰੀਦ ਪ੍ਰੀਕਿਰਿਆ ਨੂੰ ਲੈ ਕੇ ਸਾਰੀ ਅਨਾਜ ਮੰਡੀਆਂ ਵਿੱਚ ਤਿਆਰੀਆਂ ਹੋ ਗਈਆਂ ਹਨ। ਇਸੇ ਸਬੰਧ ਵਿੱਚ ਇੱਥੇ ਮਿਨੀ ਸਕੱਤਰੇਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਵੇਕ ਆਰੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਸੱਦੀ ਗਈ। ਇਸ ਵਿੱਚ ਐੱਸਡੀਐੱਮ ਸਤਿਆਵਾਨ ਸਿੰਘ ਮਾਨ, ਸਿਟੀ ਮੈਜਿਸਟ੍ਰੇਟ ਡਾ. ਆਸੀਸ਼ ਦੇਸ਼ਵਾਲ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਾਜੇਸ਼ ਆਰੀਆ, ਡੀਐੱਮ ਹੈਫੇਡ ਸੰਦੀਪ, ਡੀਐੱਮ ਐੱਫਸੀਆਈ ਕੇਸ਼ਵ, ਡੀਐੱਮਐੱਚਐੱਸਡਬਲਿਊਸੀ ਰੋਹਤਾਸ, ਮੰਡੀ ਸਕੱਤਰ ਸਣੇ ਹੋਰ ਅਧਿਕਾਰੀ ਹਾਜ਼ਰ ਰਹੇ। ਮੀਟਿੰਗ ਵਿੱਚ ਮੰਡੀਆਂ ਅਤੇ ਖਰੀਦ ਕੇਂਦਰਾਂ ਦੇ ਪ੍ਰਬੰਧਾਂ, ਕਿਸਾਨਾਂ ਦੀ ਸਹੂਲਤ, ਭੰਡਾਰ ਅਤੇ ਭੁਗਤਾਨ ਪ੍ਰੀਕਿਰਿਆ ਆਦਿ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਏਡੀਸੀ ਵਿਵੇਕ ਆਰੀਆ ਨੇ ਅਧਿਕਾਰੀਆਂ ਨੂੰ ਸਪੰਸ਼ਟ ਹਦਾਇਤਾਂ ਕੀਤੀਆਂ ਕਿ ਸੀਜ਼ਨ 2025 ਦੀਆਂ ਫਸਲਾਂ ਦੀ ਸੁਚਾਰੂ ਰੂਪ ਨਾਲ ਖਰੀਦ ਕਰਨ ਲਈ ਸਾਰੀ ਪ੍ਰੀਕਿਰਿਆ ਸਮੇਂ ਮੁਤਾਬਿਕ ਪੂਰੀ ਕਰ ਲਈ ਜਾਵੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਨੂੰ ਇੱਥੇ ਲਿਆਉਣ, ਵੇਚਣ ਅਤੇ ਉਨ੍ਹਾਂ ਦੀ ਲੋਡਿੰਗ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੀਜ਼ਨ 2025-26 ਦੀ ਖਰੀਦ ਨੂੰ ਲੈ ਕੇ ਸਰ੍ਹੋਂ ਦੀ ਖਰੀਦ ਅਤੇ ਚੁਕਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਨ ਹੁਣ ਤੱਕ ਜੀਂਦ ਦੀ ਅਨਾਜ ਮੰਡੀ ਵਿੱਚ 77.70 ਮੀਟ੍ਰਿਕ ਟਨ, ਨਰਵਾਣਾ ਦੀ ਅਨਾਜ ਮੰਡੀ ਵਿੱਚ 13. 60 ਮੀਟ੍ਰਿਕ ਟਨ, ਉਚਾਣਾ ਵਿੱਚ 160.30 ਤੇ ਜੁਲਾਨਾ ਦੀ ਅਨਾਜ ਮੰਡੀ ਵਿੱਚ 50 ਮੀਟ੍ਰਿਕ ਟਨ, ਸਫੀਦੋਂ ਵਿੱਚ 81 ਮੀਟ੍ਰਿਕ ਟਨ ਸਰ੍ਹੋਂ ਦੀ ਆਮਦ ਹੋਈ ਹੈ। ਪਿੱਲੂਖੇੜਾ ਅਤੇ ਅਲੇਵਾ ਦੀਆਂ ਅਨਾਜ ਮੰਡੀਆਂ ਵਿੱਚ ਸਰ੍ਹੋਂ ਦੀ ਕੋਈ ਆਮਦ ਨਹੀਂ ਹੋਈ।