ਲਹਿਰਾਗਾਗਾ ਦੀਆਂ ਖਸਤਾ ਹਾਲ ਸੜਕਾਂ ਕਾਰਨ ਲੋਕ ਪ੍ਰੇਸ਼ਾਨ
ਲਹਿਰਾਗਾਗਾ, 10 ਮਈ
ਪੰਜਾਬ-ਹਰਿਆਣਾ ਨੂੰ ਆਪਸ ਵਿੱਚ ਜੋੜਦੇ ਸੁਨਾਮ-ਜਾਖਲ ਮੁੱਖ ਮਾਰਗ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕਾਂ ਨੇ ਮੁੱਖ ਮਾਰਗ ਨੂੰ ਚੌੜਾ ਅਤੇ ਇਸ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ। ਸਮਾਜ ਸੇਵੀ ਦੁਰਲੱਭ ਸਿਧੂ ਨੇ ਦੱਸਿਆ ਕਿ ਇਸ ਸੜਕ ਦੇ ਨਾਲ ਲੱਗਦੇ ਪਿੰਡ ਤਿੰਨ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੇ ਦਾਇਰੇ ’ਚ ਆਉਂਦੇ ਹਨ ਅਤੇ ਇਹ ਮੰਤਰੀ ਵੀ ਅਕਸਰ ਇਸ ਸੜਕ ਤੋਂ ਹੀ ਲੰਘਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਨੇ ਦੱਸਿਆ ਕਿ ਹਰਿਆਣਾ ਨਾਲ ਲੱਗਦੇ ਇਲਾਕੇ ਕਾਰਨ ਇਸ ਸੜਕ ’ਤੇ ਅਕਸਰ ਭਾਰੀ ਆਵਾਜਾਈ ਦੌਰਾਨ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਵਾਹਨਾਂ ਨੂੰ ਰਾਹ ਦੇਣ ਮੁਸ਼ਕਲ ਹੋ ਜਾਂਦਾ ਹੈ। ਇੱਥੇ ਕਈ ਵਾਰ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਰਾਤ ਵੇਲੇ ਇਸ ਸੜਕ ਤੋਂ ਸਫਰ ਕਰਨਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ। ਇੱਥੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਬਾਹਰਲੇ ਪਾਸੇ ਹਰੀ ਸਿੰਘ ਤਰਕ ਚੌਕ ਵਿਚ ਸੜਕ ’ਤੇ ਪਿਆ ਟੋਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਤੋਂ ਇਲਾਵਾ ਲਹਿਰਗਾਗਾ ਤੋਂ ਮੁੂਨਕ ਵਾਇਆ ਲਹਿਲ ਕਲਾਂ ਜਾਣ ਵਾਲੀ ਸੜਕ ਵੀ ਕਈ ਥਾਵਾਂ ਤੋਂ ਟੁੱਟ ਗਈ ਹੈ। ਸਨਮੀਕ ਹੈਨਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਲਹਿਰਾਗਾਗਾ ਇਲਾਕੇ ਦੀਆਂ ਮੁੱਖ ਅਤੇ ਲਿੰਕ ਸੜਕਾਂ ਦੀ ਪਹਿਲ ਦੇ ਆਧਾਰ ’ਤੇ ਮੁਰੰਮਤ ਕਰਵਾਉਣੀ ਚਾਹੀਦੀ ਹੈ। ਪੇਂਡੂ ਤੇ ਸ਼ਹਿਰੀ ਵੈੱਲਫੇਅਰ ਸੁਸਾਇਟੀ ਦੇ ਕਨਵੀਨਰ ਦੀਪਕ ਜੈਨ ਨੇ ਕਿਹਾ ਕਿ ਲਿੰਕ ਸੜਕਾਂ ਦੀ ਸਫ਼ਾਈ ਤਾਂ ਗ੍ਰਾਮ ਪੰਚਾਇਤਾਂ ਮਨਰੇਗਾ ਵਰਕਰਾਂ ਤੋਂ ਕਰਵਾ ਲੈਂਦੀਆਂ ਹਨ ਪਰ ਇਸ ਸੜਕ ਦੀ ਸਫਾਈ ਲੰਮੇ ਸਮੇਂ ਤੋਂ ਨਹੀਂ ਹੋਈ। ਦੂਜੇ ਪਾਸੇ ਛਾਜਲਾ-ਛਾਜਲੀ ਦੇ ਨਜ਼ਦੀਕ ਤਾਂ ਸੜਕ ਆਲੇ-ਦੁਆਲੇ ਪਹਾੜੀ ਕਿੱਕਰਾਂ ਨੇ ਰਸਤੇ ਨੂੰ ਬਹੁਤ ਤੰਗ ਕੀਤਾ ਹੋਇਆ ਹੈ। ਆਗੂਆਂ ਦੀ ਮੰਗ ਹੈ ਕਿ ਇਸ ਸੜਕ ਨੂੰ ਦੋਵੇਂ ਪਾਸਿਆਂ ਤੋਂ 3-3 ਫੁੱਟ ਚੌੜਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਹਿਲ ਦੇ ਆਧਾਰ 'ਤੇ ਇਸ ਸੜਕ ਨੂੰ ਚੌੜਾ, ਸਾਫ਼ ਅਤੇ ਲੋੜੀਂਦਾ ਪੈਚ ਵਰਕ ਕੀਤਾ ਜਾਵੇ। ਲੋਕ ਨਿਰਮਾਣ ਵਿਭਾਗ ਦੇ ਜੇਈ ਮੇਘ ਰਾਜ ਅਨੁਸਾਰ ਲਹਿਰਾਗਾਗਾ-ਮੂਨਕ ਸੜਕ ਦਾ ਐਸਟੀਮੇਟ ਭੇਜਿਆ ਹੈ ਅਤੇ ਲਹਿਰਾਗਾਗਾ-ਸੁਨਾਮ ਸੜਕ ਵਿਸ਼ਵ ਬੈਂਕ ਅਧੀਨ ਆਉਂਦੀ ਹੈ।